ਹਨੇਰੀ ਤੇ ਝੱਖੜ ਕਾਰਨ ਫਟਿਆ ਪੌਲੀ ਹਾਊਸ

06/08/2018 5:55:01 AM

ਭਦੌਡ਼,   (ਰਾਕੇਸ਼)–    ਕਸਬੇ  ਵਿਖੇ ਇਕ ਏਕਡ਼ ਵਿਚ ਲਾਇਆ ਪੌਲੀ ਹਾਊਸ ਬੀਤੀ ਰਾਤ ਤੇਜ਼ ਹਨੇਰੀ-ਝੱਖੜ ਦੌਰਾਨ ਫਟ ਗਿਆ, ਜਿਸ ਕਾਰਨ ਕਿਸਾਨ ਬੰਤ ਸਿੰਘ ਪੁੱਤਰ ਮਲਕੀਤ ਸਿੰਘ, ਹਰਦੀਪ ਸਿੰਘ ਪੁੱਤਰ ਕਰਮ ਸਿੰਘ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।  ਹਰਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਭਦੌਡ਼ ਨੇ   ਦੱਸਿਆ ਕਿ  ਅਸੀਂ ਇਕ ਏਕਡ਼ ਵਿਚ ਪੌਲੀ ਹਾਊਸ ਲਾਇਆ ਸੀ, ਜਿਸ ’ਤੇ ਤਕਰੀਬਨ 40 ਲੱਖ ਰੁਪਏ ਲਾਗਤ ਆਈ ਸੀ ਅਤੇ ਇਸ ਵਿਚ ਬਾਗਬਾਨੀ ਵਿਭਾਗ ਵੱਲੋਂ 17 ਲੱਖ ਰੁਪਏ ਦੇ ਕਰੀਬ ਸਬਸਿਡੀ ਦਿੱਤੀ ਗਈ   ਸੀ। ਬੀਤੀ ਰਾਤ ਤਕਰੀਬਨ 9 ਵਜੇ ਦੇ ਕਰੀਬ ਆਈ ਤੇਜ਼ ਹਨੇਰੀ-ਝੱਖੜ ਦੌਰਾਨ ਪੌਲੀ ਹਾਊਸ ਫਟ ਗਿਆ, ਜਿਸ ਕਾਰਨ ਸਾਡਾ ਤਕਰੀਬਨ 4 ਤੋਂ 5 ਲੱਖ ਰੁਪਏ  ਦਾ ਨੁਕਸਾਨ ਹੋ ਗਿਆ ਹੈ। ਇਸ ਦੌਰਾਨ ਬੀਜੀਅਾਂ ਆਰਗੈਨਿਕ ਖੀਰੇ ਦੀਅਾਂ ਵੇਲਾਂ ਵੀ ਪੁੱਟੀਅਾਂ ਗਈਅਾਂ।

  ਕੀ ਕਹਿਣਾ ਹੈ ਕੰਪਨੀ ਦੇ ਐੱਮ. ਡੀ. ਪ੍ਰਵੀਨ ਕੁਮਾਰ ਦਾ : ਜਦੋਂ ਇਸ ਸਬੰਧੀ ਐੱਮ. ਐੱਫ. ਐਗਰੋ (ਮੈਪਲ) ਕੰਪਨੀ ਦੇ ਐੱਮ. ਡੀ. ਪ੍ਰਵੀਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੋ ਪੌਲੀ ਹਾਊਸ ਲਾਇਆ ਹੈ, ਉਹ ਗਾਈਡ ਲਾਈਨ  ਮੁਤਾਬਕ ਹੀ ਲਾਇਆ ਹੈ।

ਜਦੋਂ ਗਾਈਡ ਲਾਈਨ ਕਲੀਅਰ ਹੋ ਜਾਵੇ, ਉਸ ਤੋਂ ਬਾਅਦ ਕਿਸਾਨ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਕੰਪਨੀ  ਨੇ ਪੌਲੀ ਹਾਊਸ ਦੀ ਵਰੰਟੀ ਤਿੰਨ ਸਾਲ ਦੀ ਦਿੱਤੀ ਸੀ  ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਤੁਸੀ ਕੰਪਨੀ ਦੀ ਗਾਈਡ ਲਾਈਨ ਖੋਲ੍ਹ ਕੇ ਦੇਖ ਲਵੋ, ਸਿਰਫ ਇਕ ਸਾਲ ਦੀ ਵਰੰਟੀ ਹੁੰਦੀ ਹੈ।

ਬੇਸਹਾਰਾ ਗਊਆਂ ਲਈ ਬਣਾਇਆ ਸ਼ੈੱਡ ਤਬਾਹ :   ਧਨੌਲਾ,  (ਵਿਵੇਕ ਸਿੰਧਵਾਨੀ, ਰਵੀ)– ਪਿਛਲੇ ਦਿਨੀਂ ਆਈ ਤੇਜ਼ ਹਨੇਰੀ ਕਾਰਨ  ਟੱਲੇ ’ਤੇ ਬੇਸਹਾਰਾ ਗਊਆਂ ਲਈ ਸੀਮੈਂਟ ਦੀਆਂ ਚਾਦਰਾਂ ਦਾ ਬਣਾਇਆ ਸ਼ੈੱਡ ਉਡ ਗਿਆ। ਹਨੇਰੀ ਕਾਰਨ ਬੇਸਹਾਰਾ ਗਊਆਂ ਨੂੰ ਧੁੱਪ ਅਤੇ ਮੀਂਹ ਤੋਂ ਬਚਾਉਣ ਲਈ ਪਾਇਅਾ ਸ਼ੈੱਡ ਦੀਆਂ ਚਾਦਰਾਂ ਚੂਰ-ਚੂਰ ਹੋ ਗਈਆਂ।

 ਹਰਦੀਪ ਸਿੰਘ  ਉਰਫ ਬੱਗੀ ਨੇ ਦੱਸਿਅਾ ਕਿ ਟੱਲੇ ਉਪਰ ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ  ਦਾਨੀ ਸੱਜਣਾਂ ਦੀ ਸਹਾਇਤਾ ਨਾਲ ਸ਼ੈੱਡ ਪਾਇਆ ਗਿਆ ਸੀ। ਗਊਆਂ ਨੂੰ ਪਾਉਣ ਵਾਲਾ ਹਰਾ ਚਾਰਾ ਵੇਚ-ਵੇਚ ਕੇ ਸ਼ੈੱਡ ਪਾਇਆ ਸੀ ਅਤੇ ਇਥੇ 50-60 ਬੇਸਹਾਰਾ ਗਊਆਂ ਦੀ ਸੇਵਾ ਸੰਭਾਲ ਕੀਤੀ  ਜਾ  ਰਹੀ  ਸੀ।

 


Related News