ਆਦਮਪੁਰ ''ਚ ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਾਉਣਾ

Tuesday, Nov 19, 2019 - 03:47 PM (IST)

ਆਦਮਪੁਰ ''ਚ ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਾਉਣਾ

ਆਦਮਪੁਰ (ਰਣਦੀਪ) : ਪੰਜਾਬ 'ਚ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਵਾਰ ਸਖ਼ਤ ਕਦਮ ਚੁੱਕਦਿਆਂ ਪੰਜਾਬ ਦੇ ਕਿਸਾਨ ਜੇਕਰ ਪਰਾਲੀ ਨੂੰ ਅੱਗ ਲਗਵਾਉਂਦੇ ਹਨ ਤਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦੇ ਆਦੇਸ਼ ਜ਼ਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਸਰਕਾਰ ਵਲੋਂ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਪਰ ਕਿਸਾਨ ਫੇਰ ਵੀ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਆਦਮਪੁਰ ਦੇ ਪਿੰਡ ਲੁਟੇਰਾ ਕਲਾਂ ਵਿਚ ਦੇਖਣ ਨੂੰ ਮਿਲੀ। 'ਜਗ ਬਾਣੀ' ਦੀ ਟੀਮ ਨੇ ਜਦ ਪਿੰਡ ਜਾ ਕੇ ਦੇਖਿਆ ਤਾਂ ਪਿੰਡ ਦੀ ਪੰਚਾਇਤੀ ਜ਼ਮੀਨ ਜੋ ਕਿ ਕਰੀਬ 10 ਖੇਤ ਹਨ ਅਤੇ ਪੰਚਾਇਤ ਵਲੋਂ ਠੇਕੇ 'ਤੇ ਦਿੱਤੇ ਹੋਏ ਹਨ, ਉਨ੍ਹਾਂ ਖੇਤਾਂ 'ਚੋਂ 3 ਦੇ ਕਰੀਬ ਖੇਤਾਂ 'ਚ ਪਰਾਲੀ ਨੂੰ ਅੱਗ ਲਾਈ ਹੋਈ ਸੀ ਜੋ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਸੀ। ਜੇਕਰ ਪੰਜਾਬ ਸਰਕਾਰ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਅੱਗ ਲਗਵਾਉਣ ਤੋਂ ਪੰਚਾਇਤ ਨਹੀਂ ਰੋਕ ਲਾ ਸਕਦੀ ਤਾਂ ਕਿਸਾਨ ਕਿਸ ਤਰ੍ਹਾਂ ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰਨਗੇ ਤੇ ਕਿਸ ਤਰ੍ਹਾਂ ਪੰਜਾਬ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇਗਾ।

ਦੂਜਿਆਂ ਨੂੰ ਖੇਤਾਂ 'ਚ ਅੱਗ ਲਾਉਣ ਤੋਂ ਰੋਕਣ ਤੋਂ ਪਹਿਲਾਂ ਸਰਕਾਰ ਨੂੰ ਆਪਣੀਆਂ ਜ਼ਮੀਨਾਂ 'ਚ ਅੱਗ ਲੱਗਣ ਤੋਂ ਰੋਕਣ ਲਈ ਕੁਝ ਠੋਸ ਕਦਮ ਚੁੱਕਣੇ ਪੈਣਗੇ ਤਾਂ ਹੀ ਉਹ ਕਿਸਾਨਾਂ ਨੂੰ ਖੇਤਾਂ 'ਚ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੂਕ ਕਰ ਸਕੇਗੀ। ਜਦ ਇਸ ਸਬੰਧ 'ਚ ਪਿੰਡ ਲੁਟੇਰਾ ਕਲਾਂ ਦੀ ਸਰਪੰਚ ਮਨਿੰਦਰ ਕੌਰ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਅੱਜ ਤੋਂ ਇਕ ਮਹੀਨਾ ਪਹਿਲਾਂ ਹੀ ਪਿੰਡ ਦੇ ਗੁਰਦੁਆਰੇ ਵਿਚ ਅਨਾਊਂਸਮੈਂਟ ਕਰਵਾ ਦਿੱਤੀ ਸੀ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਵੇ ਜੋ ਅੱਗ ਲਗਾਵੇਗਾ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Anuradha

Content Editor

Related News