''ਜੀ. ਪੀ. ਐੱਸ.'' ਰਾਹੀਂ ਪੋਲਿੰਗ ਪਾਰਟੀਆਂ ਦੀ ਮੂਵਮੈਂਟ ''ਤੇ ਨਜ਼ਰ ਰੱਖੇਗਾ ਚੋਣ ਕਮਿਸ਼ਨ

Wednesday, May 15, 2019 - 01:41 PM (IST)

''ਜੀ. ਪੀ. ਐੱਸ.'' ਰਾਹੀਂ ਪੋਲਿੰਗ ਪਾਰਟੀਆਂ ਦੀ ਮੂਵਮੈਂਟ ''ਤੇ ਨਜ਼ਰ ਰੱਖੇਗਾ ਚੋਣ ਕਮਿਸ਼ਨ

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਪੰਜਾਬ 'ਚ 19 ਮਈ ਨੂੰ ਹੋਣ ਜਾ ਰਹੀ ਵੋਟਿੰਗ ਦੌਰਾਨ ਸੁਰੱਖਿਆ ਅਤੇ ਪਾਰਦਰਸ਼ਿਤਾ ਦੇ ਨਾਂ 'ਤੇ ਚੋਣ ਕਮਿਸ਼ਨ ਨੇ ਜਿਸ ਤਰ੍ਹਾਂ ਸਾਰੇ ਪੋਲਿੰਗ ਬੂਥਾਂ 'ਤੇ ਲਾਈਵ ਵੀਡੀਓ ਰਿਕਾਰਡਿੰਗ ਕਰਨ ਦਾ ਫੈਸਲਾ ਕੀਤਾ ਹੈ, ਉਸੇ ਤਰ੍ਹਾਂ ਪੋਲਿੰਗ ਪਾਰਟੀਆਂ ਦੀ ਹਲਚਲ ਦੀ ਮਾਨੀਟਰਿੰਗ ਕਰਨ ਲਈ ਜੀ. ਪੀ. ਐੱਸ. ਦੀ ਮਦਦ ਲਈ ਜਾਵੇਗੀ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪੋਲਿੰਗ ਪਾਰਟੀਆਂ ਨੂੰ ਬੂਥ ਤੱਕ ਲਿਜਾਣ ਵਾਲੇ ਵਾਹਨਾਂ ਤੋਂ ਇਲਾਵਾ ਚੋਣ ਪ੍ਰਕਿਰਿਆ ਵਿਚ ਲੱਗੀਆਂ ਹੋਈਆਂ ਸਾਰੀਆਂ ਗੱਡੀਆਂ ਵਿਚ ਜੀ. ਪੀ. ਐੱਸ. ਸਿਸਟਮ ਲਾਇਆ ਜਾ ਰਿਹਾ ਹੈ। ਇਸ ਨਾਲ ਵਾਹਨਾਂ ਦੀ ਲੋਕੇਸ਼ਨ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗ ਸਕੇਗਾ ਕਿ ਈ. ਵੀ. ਮਸ਼ੀਨ ਅਤੇ ਹੋਰ ਮਟੀਰੀਅਲ ਲਿਜਾ ਰਹੀ ਪੋਲਿੰਗ ਪਾਰਟੀ ਰਸਤੇ ਵਿਚ ਕਿਤੇ ਰੁਕੀ ਤਾਂ ਨਹੀਂ ਅਤੇ ਆਪਣੇ ਨਿਰਧਾਰਤ ਪੁਆਇੰਟ 'ਤੇ ਸਮੇਂ 'ਤੇ ਪੁੱਜ ਗਈ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਅਧਿਕਾਰੀਆਂ ਵਲੋਂ ਉਸ ਟੀਮ ਤੋਂ ਤੁਰੰਤ ਜਵਾਬ-ਤਲਬੀ ਕੀਤੀ ਜਾ ਸਕਦੀ ਹੈ।
ਸਟੇਟ ਤੇ ਡਿਸਟ੍ਰਿਕਟ ਹੈੱਡਕੁਆਰਟਰ 'ਚ ਬਣੇਗਾ ਕੰਟ੍ਰੋਲ ਰੂਮ
ਜੀ. ਪੀ. ਐੱਸ. ਸਿਸਟਮ ਨੂੰ ਮਾਨੀਟਰਿੰਗ ਕਰਨ ਲਈ ਸਟੇਟ ਇਲੈਕਸ਼ਨ ਕਮਿਸ਼ਨਰ ਅਤੇ ਡਿਸਟ੍ਰਿਕਟ ਹੈੱਡਕੁਆਰਟਰ ਵਿਚ ਡਿਪਟੀ ਕਮਿਸ਼ਨਰ ਦਫਤਰ ਵਿਚ ਕੰਟ੍ਰੋਲ ਰੂਮ ਬਣੇਗਾ, ਜਿੱਥੋਂ ਨਜ਼ਰ ਰੱਖਣ ਲਈ ਸਟਾਫ ਦੀ ਡਿਊਟੀ ਲਾਈ ਗਈ ਹੈ।
ਮਹਿਲਾ ਸਟਾਫ ਦੇ ਰਾਤ ਨੂੰ ਪੋਲਿੰਗ ਸਟੇਸ਼ਨਾਂ 'ਤੇ ਰੁਕਣ ਦੀ ਪਾਬੰਦੀ
ਚੋਣ ਕਮਿਸ਼ਨ ਨੇ ਰਾਤ ਨੂੰ ਔਰਤ ਸਟਾਫ ਦੇ ਪੋਲਿੰਗ ਸਟੇਸ਼ਨਾਂ 'ਤੇ ਰੁਕਣ ਦੀ ਪਾਬੰਦੀ ਲਾ ਦਿੱਤੀ ਹੈ। ਇਹ ਮਹਿਲਾ ਸਟਾਫ ਚੋਣ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਰਿਟਰਨਿੰਗ ਅਫਸਰ ਤੋਂ ਮਟੀਰੀਅਲ ਜਾਰੀ ਕਰਵਾ ਕੇ ਉਸ ਨੂੰ ਪੋਲਿੰਗ ਬੂਥ 'ਤੇ ਦੂਜੇ ਮੁਲਾਜ਼ਮਾਂ ਦੇ ਹਵਾਲੇ ਕਰਨ ਤੋਂ ਬਾਅਦ ਉੱਥੋਂ ਜਾ ਸਕਦੀ ਹੈ ਪਰ ਉਨ੍ਹਾਂ ਨੂੰ ਚੋਣ ਦੇ ਦਿਨ ਸਵੇਰ 5.30 ਵਜੇ ਪੋਲਿੰਗ ਬੂਥ 'ਤੇ ਪੁੱਜਣਾ ਹੋਵੇਗਾ।
ਪੋਲਿੰਗ ਸਟਾਫ 'ਤੇ ਇਹ ਵੀ ਲਾਈਆਂ ਗਈਆਂ ਹਨ ਸ਼ਰਤਾਂ
18 ਮਈ ਸ਼ਾਮ ਨੂੰ ਰਿਟਰਨਿੰਗ ਅਫਸਰ ਵਾਈਜ਼ ਵੰਡਿਆ ਜਾਵੇਗਾ ਮਟੀਰੀਅਲ ਅਤੇ ਈ. ਵੀ. ਐੱਮ.।
ਪੈਟ੍ਰੋਲਿੰਗ ਅਤੇ ਪੁਲਸ ਫੋਰਸ ਦੇ ਨਾਲ ਰਵਾਨਾ ਹੋਣਗੀਆਂ ਪੋਲਿੰਗ ਪਾਰਟੀਆਂ।
19 ਮਈ ਨੂੰ ਸ਼ਾਮ 6 ਵਜੇ ਤਕ ਹੋਵੇਗੀ ਵੋਟਿੰਗ।
ਪੋਲਿੰਗ ਪਾਰਟੀ ਨੂੰ ਈ. ਵੀ. ਐੱਮ. ਸੀਲ ਕਰਨ ਤੋਂ ਬਾਅਦ ਰਾਤ 8 ਵਜੇ ਉੱਥੋਂ ਚੱਲਣਾ ਹੋਵੇਗਾ।
ਰਾਤ ਨੂੰ 10.30 ਵਜੇ ਤਕ ਮਸ਼ੀਨ ਜਮ੍ਹਾ ਕਰਵਾਉਣ ਲਈ ਪੁੱਜਣਾ ਹੋਵੇਗਾ।
ਜੇਕਰ ਲਾਈਨ ਲੰਬੀ ਹੋਣ ਕਾਰਨ ਸ਼ਾਮ 6 ਵਜੇ ਤੋਂ ਬਾਅਦ ਵੀ ਵੋਟਿੰਗ ਹੋਈ ਤਾਂ ਸਟਾਫ ਨੂੰ ਪੇਪਰ ਵਰਕ ਰਿਟਰਨਿੰਗ ਅਫਸਰ ਦੇ ਕੋਲ ਆ ਕੇ ਪੂਰਾ ਕਰਨਾ ਹੋਵੇਗਾ।
ਰਾਤੋ-ਰਾਤ ਸਟ੍ਰਾਂਗ ਰੂਮ 'ਚ ਪਹੁੰਚਾਉਣੀਆਂ ਪੈਣਗੀਆਂ ਈ. ਵੀ. ਐੱਮਜ਼

ਚੋਣ ਕਮਿਸ਼ਨ ਵਲੋਂ ਜਾਰੀ ਈ. ਵੀ. ਐੱਮਜ਼ ਦੀ ਟੈਸਟਿੰਗ ਤੋਂ ਬਾਅਦ ਉਨ੍ਹਾਂ ਨੂੰ ਸਟ੍ਰਾਂਗ ਰੂਮ ਵਿਚ ਰੱਖਿਆ ਗਿਆ ਹੈ ਪਰ ਉਨ੍ਹਾਂ ਮਸ਼ੀਨਾਂ ਨੂੰ ਪੋਲਿੰਗ ਪਾਰਟੀਆਂ ਵਿਚ ਵੰਡਣ ਦਾ ਕੰਮ ਰਿਟਰਨਿੰਗ ਅਫਸਰ ਵਾਈਜ਼ ਬਣਾਏ ਗਏ ਸੈਂਟਰਾਂ 'ਤੇ ਹੋਵੇਗਾ। ਇਥੇ ਹੀ ਵੋਟਿੰਗ ਤੋਂ ਬਾਅਦ ਈ. ਵੀ. ਐੱਮਜ਼ ਨੂੰ ਰਿਸੀਵ ਕੀਤਾ ਜਾਵੇਗਾ। ਇਸ ਪ੍ਰਕਿਰਿਆ ਵਿਚ ਚਾਹੇ ਕਿੰਨੀ ਦੇਰ ਕਿਉਂ ਨਾ ਹੋ ਜਾਵੇ, ਈ. ਵੀ. ਐੱਮਜ਼ ਰਾਤੋ-ਰਾਤ ਸਟ੍ਰਾਂਗ ਰੂਮ ਵਿਚ ਪਹੁੰਚਾਉਣੀਆਂ ਹੋਣਗੀਆਂ।
ਫੌਜੀਆਂ ਦੀ ਹੋਵੇਗੀ ਆਨਲਾਈਨ ਵੋਟਿੰਗ
ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੌਰਾਨ ਡਿਊਟੀ 'ਤੇ ਤਾਇਨਾਤ ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ ਨੂੰ ਬੈਲੇਟ ਵੋਟਿੰਗ ਦੀ ਸਹੂਲਤ ਦਿੱਤੀ ਗਈ ਹੈ, ਜਿਨ੍ਹਾਂ ਵੋਟਾਂ ਦੀ 23 ਮਈ ਨੂੰ ਈ. ਵੀ. ਐੱਮਜ਼ ਨੂੰ ਖੋਲ੍ਹਣ ਤੋਂ ਪਹਿਲਾਂ ਗਿਣਤੀ ਕੀਤੀ ਜਾਵੇਗੀ ਪਰ ਫੌਜੀਆਂ ਦੀ ਆਨਲਾਈਨ ਵੋਟਿੰਗ ਹੋਵੇਗੀ, ਜਿਨ੍ਹਾਂ ਨੂੰ ਵੋਟਰ ਕਾਰਡ ਨੰਬਰ ਦੇ ਨਾਲ ਫਾਰਮ ਭਰਨ 'ਤੇ ਪੋਸਟਲ ਬੈਲੇਟ ਪੇਪਰ ਜਾਰੀ ਕਰ ਦਿੱਤਾ ਗਿਆ ਹੈ। ਉਸ ਵਿਚ ਵੋਟ ਕਰ ਕੇ ਫੌਜੀਆਂ ਵਲੋਂ ਆਪਣੇ ਕਮਾਂਡਿੰਗ ਅਫਸਰ ਦੇ ਹਵਾਲੇ ਕਰ ਦਿੱਤਾ ਜਾਵੇਗਾ, ਜਿਸ ਡਿਟੇਲ ਨੂੰ ਫੌਜ ਦਾ ਉਹ ਅਧਿਕਾਰੀ ਆਨਲਾਈਨ ਟ੍ਰਾਂਸਫਰ ਕਰ ਦੇਵੇਗਾ, ਜਿਸ ਨੂੰ 23 ਮਈ ਨੂੰ ਅਧਿਕਾਰਤ ਅਫਸਰ ਵਲੋਂ ਪਾਸਵਰਡ ਲਾਉਣ 'ਤੇ ਹੀ ਖੋਲ੍ਹਿਆ ਜਾ ਸਕਦਾ ਹੈ।
ਟੈਸਟਿੰਗ ਦੌਰਾਨ ਖਰਾਬ ਮਿਲੀਆਂ ਈ. ਵੀ. ਐੱਮਜ਼ ਲਈ ਦੂਜੇ ਰਾਜਾਂ 'ਚ ਭੇਜੀ ਡਿਮਾਂਡ
ਚੋਣ ਕਮਿਸ਼ਨ ਵਲੋਂ ਰਿਟਰਨਿੰਗ ਅਧਿਕਾਰੀਆਂ ਨੂੰ ਭੇਜੀਆਂ ਜਾਣ ਵਾਲੀਆਂ ਈ. ਵੀ. ਐੱਮਜ਼ ਦੀ ਪਹਿਲਾਂ ਟੈਸਟਿੰਗ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਮਸ਼ੀਨਾਂ ਖਰਾਬ ਨਿਕਲ ਰਹੀਆਂ ਹਨ, ਜਿਨ੍ਹਾਂ ਦੀ ਕਮੀ ਪੂਰੀ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੇ ਕੋਲ ਡਿਮਾਂਡ ਭੇਜੀ ਹੈ। ਹੁਣ ਜਿਨ੍ਹਾਂ ਰਾਜਾਂ 'ਚ ਚੋਣਾਂ ਹੋ ਚੁੱਕੀਆਂ ਹਨ, ਉੱਥੋਂ ਵਾਧੂ ਮਸ਼ੀਨਰੀ ਮੰਗਵਾ ਕੇ ਪੰਜਾਬ 'ਚ ਭੇਜੀ ਜਾਵੇਗੀ।


author

Babita

Content Editor

Related News