ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ
Sunday, Apr 09, 2023 - 08:19 PM (IST)
ਗੁਰਦਾਸਪੁਰ (ਵਿਨੋਦ)-ਵਾਹਗਾ ਬਾਰਡਰ ’ਤੇ ਭਾਰਤ ਸਰਕਾਰ ਨੇ ਪਹਿਲ ਕਰਦੇ ਹੋਏ ਸੰਯੁਕਤ ਚੈੱਕ ਪੋਸਟ ’ਤੇ ਆਪਣੇ ਸਟੇਡੀਅਮ ਦੇ ਸਾਹਮਣੇ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਲਈ 418 ਫੁੱਟ ਉੱਚ ਟਾਵਰ ਪੋਲ ਲਗਾਇਆ ਹੈ, ਜਿਸ ’ਤੇ ਆਧੁਨਿਕ ਕੈਮਰੇ ਵੀ ਭਾਰਤ ਸਰਕਾਰ ਵੱਲੋਂ ਲਗਾਉਣ ਦੀ ਯੋਜਨਾ ਹੈ, ਜੋ ਚਾਰੇ ਪਾਸੇ ਕਈ ਕਿਲੋਮੀਟਰ ਤੱਕ ਨਜ਼ਰ ਰੱਖ ਸਕਣਗੇ। ਪਾਕਿਸਤਾਨ ਨੇ ਇਸ 418 ਫੁੱਟ ਉੱਚੇ ਪੋਲ ਸਬੰਧੀ ਵਿਵਾਦ ਖੜ੍ਹਾ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਸਰਕਾਰ ਇਸ ਸਮੇਂ ਭਾਰਤ ਦੀ ਹਰ ਯੋਜਨਾ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੇਵਾ ਕੇਂਦਰਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨਿਰਦੇਸ਼
ਵਾਹਗਾ ਬਾਰਡਰ ’ਤੇ ਲਗਾਏ 418 ਫੁੱਟ ਉੱਚੇ ਪੋਲ ਸਬੰਧੀ ਵੀ ਪਾਕਿਸਤਾਨ ਸਰਕਾਰ ਨੇ ਮਾਮਲੇ ਨੂੰ ਭਾਰਤ ਦੇ ਸਾਹਮਣੇ ਉੁਠਾ ਕੇ ਇਸ ਦੀ ਉਚਾਈ ਘੱਟ ਕਰਨ ਦੀ ਯੋਜਨਾ ਬਣਾਈ ਹੈ। ਜਦ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦਾ ਇਹ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਤਾਂ ਫਿਰ ਪਾਕਿਸਤਾਨ ਸਰਕਾਰ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਦਾਲਤ ’ਚ ਉਠਾਉਣ ਦੀ ਗੱਲ ਵੀ ਕਰ ਰਹੀ ਹੈ ਪਰ ਇਸ ਮਾਮਲੇ ’ਚ ਪਾਕਿਸਤਾਨ ਦੇ ਅਧਿਕਾਰੀ ਵੰਡੇ ਦਿਖਾਈ ਦੇ ਰਹੇ ਹਨ। ਸੂਤਰਾਂ ਅਨੁਸਾਰ ਪਹਿਲਾਂ ਤਾਂ ਪਾਕਿਸਤਾਨ ਇਸ ਉੱਚੇ ਪੋਲ ਕਾਰਨ ਚੁੱਪ ਰਿਹਾ ਪਰ ਹੁਣ ਪਤਾ ਨਹੀਂ ਕਿਉਂ ਇਸ ਮਾਮਲੇ ਨੂੰ ਤੂਲ ਦੇ ਰਿਹਾ ਹੈ। ਇਸ ਸਬੰਧੀ ਲਾਹੌਰ ’ਚ ਅੱਜ ਹੋਈ ਉੱਚ ਪੱਧਰ ਦੀ ਮੀਟਿੰਗ ’ਚ ਪਾਕਿਸਤਾਨ ਦੇ ਅਧਿਕਾਰੀ ਵੰਡੇ ਹੋਏ ਨਜ਼ਰ ਆਏ। ਜ਼ਿਆਦਾਤਰ ਅਧਿਕਾਰੀ ਇਹ ਕਹਿ ਰਹੇ ਸਨ ਕਿ ਪਾਕਿਸਤਾਨ ਨੂੰ ਆਪਣੇ ਇਲਾਕੇ ’ਚ ਬਣੇ ਸਟੇਡੀਅਮ ਵਿਚ ਭਾਰਤ ਤੋਂ ਵੀ ਉੱਚਾ ਪੋਲ ਲਗਾ ਕੇ ਉਥੇ ਆਪਣਾ ਰਾਸ਼ਟਰੀ ਝੰਡਾ ਲਗਾਉਣਾ ਚਾਹੀਦਾ ਹੈ, ਜਦਕਿ ਕੁਝ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਕੋਲ ਵਿਰੋਧ ਜਤਾਉਣ ਦੀ ਗੱਲ ਕਰ ਰਹੇ ਸਨ। ਇਸ ਮਾਮਲੇ ਵਿਚ ਅਧਿਕਾਰੀਆਂ ਨੇ ਆਖਰੀ ਫ਼ੈਸਲਾ ਪਾਕਿਸਤਾਨੀ ਫ਼ੌਜ ਦੇ ਉੱਚ ਅਧਿਕਾਰੀਆਂ ’ਤੇ ਛੱਡ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਔਰਤ ਦੀ ਦਰਦਨਾਕ ਮੌਤ
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਮਾਰਚ 2017 ਵਿਚ 360 ਫੁੱਟ ਉੱਚਾ ਤਿਰੰਗਾ ਲਹਿਰਾਉਣ ਲਈ ਪੋਲ ਲਗਾਇਆ ਸੀ, ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ 14 ਅਗਸਤ 2017 ਨੂੰ ਆਪਣੇ 70ਵੇਂ ਸੁਤੰਤਰਤਾ ਦਿਵਸ ’ਤੇ 400 ਫੁੱਟ ਉੱਚਾ ਪੋਲ ਲਗਾਇਆ ਸੀ। ਹੁਣ ਭਾਰਤ ਦੀ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਇਹ 418 ਫੁੱਟ ਉੱਚਾ ਤਿਰੰਗਾ ਲਹਿਰਾਉਣ ਲਈ ਪੋਲ ਲਗਾਇਆ ਹੈ, ਜਦਕਿ ਪਾਕਿਸਤਾਨ ਵੱਲੋਂ ਹੁਣ ਭਾਰਤ ਦੇ ਇਸ ਪੋਲ ਦੇ ਖਿਲਾਫ਼ ਨਵੀਂ ਨੀਤੀ ਅਧੀਨ ਅੰਤਰਰਾਸ਼ਟਰੀ ਅਦਾਲਤ ’ਚ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਸਾਲ 2027 ’ਚ ਪਾਕਿਸਤਾਨ ਨੇ ਭਾਰਤ ਦੇ ਵਾਹਗਾ ਬਾਰਡਰ ’ਤੇ ਲਗਾਏ 360 ਫੁੱਟ ਉੱਚੇ ਪੋਲ ’ਤੇ ਜਾਸੂਸੀ ਕਰਨ ਦਾ ਭਾਰਤ ’ਤੇ ਦੋਸ਼ ਲਗਾਇਆ ਸੀ ਅਤੇ ਬਾਅਦ ਵਿਚ ਖੁਦ 400 ਫੁੱਟ ਉੱਚਾ ਪੋਲ ਵਾਹਗਾ ਬਾਰਡਰ ’ਤੇ ਲਗਾ ਦਿੱਤਾ ਸੀ।