ਪਰਿਵਾਰ ਤੋਂ ਲੈ ਕੇ ਪੀੜ੍ਹੀਆਂ ਤੱਕ ਦੀ ਰਾਜਨੀਤੀ

Saturday, Jan 22, 2022 - 04:23 PM (IST)

ਪੰਜਾਬ 'ਚ ਘੱਟ ਹੀ ਰਾਜਨੇਤਾ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਹਲਕੇ ਨੂੰ ਵਿਰਾਸਤ ਵਿੱਚ ਆਪਣੀ ਔਲਾਦ ਤੱਕ ਨਹੀਂ ਪਹੁੰਚਾਇਆ

ਜਲੰਧਰ : ਦੇਸ਼-ਪ੍ਰਦੇਸ਼ ਦੀ ਰਾਜਨੀਤੀ ਦਾ ਇਕ ਇਹ ਵੀ ਰੰਗ ਹੈ, ਜਿਸ ਨੂੰ ਰਾਜਨੀਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਕਈ ਪਾਰਟੀਆਂ ਬਹੁਤ ਜ਼ੋਰ-ਸ਼ੋਰ ਨਾਲ ਮੁੱਦਾ ਚੁੱਕਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਉਹ ਪਰਿਵਾਰਵਾਦ ਦੀ ਰਾਜਨੀਤੀ ਨੂੰ ਉਤਸ਼ਾਹ ਨਹੀਂ ਦੇਣਗੀਆਂ ਪਰ ਕੁਝ ਸਮਾਂ ਪਾ ਕੇ ਹਰ ਪਾਸੇ ਇਸ ਦਾ ਬੋਲਬਾਲਾ ਹੋ ਜਾਂਦਾ ਹੈ। ਇਸ ਨੂੰ ਸਮਾਜਿਕ ਢਾਂਚੇ ਦੀ ਤਰ੍ਹਾਂ ਵੀ ਵੇਖਿਆ ਜਾਣ ਲੱਗਾ ਹੈ ਕਿ ਜ਼ਿਆਦਾਤਰ ਪੇਸ਼ੇ ਖਾਨਦਾਨੀ ਹੁੰਦੇ ਜਾਂਦੇ ਹਨ ਅਤੇ ਰਾਜਨੀਤਕ ਲੋਕ ਵੀ ਇਸ ਤੋਂ ਅਛੂਤੇ ਨਹੀਂ ਹਨ। ਪੰਜਾਬ ਦੀ ਰਾਜਨੀਤੀ ਵੀ ਇਸ ਤੋਂ ਵੱਖ ਨਹੀਂ ਹੈ ਅਤੇ ਦਹਾਕਿਆਂ ਤੋਂ ਕਈ ਪਰਿਵਾਰ ਰਾਜਨੀਤੀ ਵਿੱਚ ਇੰਨੇ ਮਜ਼ਬੂਤ ਹੋਏ ਕਿ ਉਨ੍ਹਾਂ ਦੀਆਂ ਦੋ-ਦੋ ਜਾਂ ਤਿੰਨ-ਤਿੰਨ ਪੀੜ੍ਹੀਆਂ ਤੱਕ ਰਾਜਨੀਤੀ ਵਿੱਚ ਸਰਗਰਮ ਰਹੀਆਂ ਹਨ। ਇਸ ਮੁੱਦੇ ’ਤੇ ‘ਜਗ ਬਾਣੀ’ ਦੇ ਰਮਨਜੀਤ ਸਿੰਘ ਦੀ ਇਹ ਰਿਪੋਰਟ।

ਇਹ ਵੀ ਪੜ੍ਹੋ : ਅਧਿਆਪਕ ਤੋਂ ਲੈ ਕੇ ਆਈ. ਏ. ਐੱਸ. ਅਤੇ ਵਕੀਲ ਤੋਂ ਜੱਜ ਤੱਕ, ਸਭ ’ਤੇ ਚੜ੍ਹਿਆ ਸਿਆਸਤ ਦਾ ਰੰਗ

ਕੈਰੋਂ ਪਰਿਵਾਰ

ਪੰਜਾਬ ਨੂੰ ਕਈ ਇਤਿਹਾਸਕ ਪ੍ਰਾਜੈਕਟ ਦੇਣ ਲਈ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਪੰਜਾਬ ਦੀ ਰਾਜਨੀਤੀ ਵਿੱਚ ਆਪਣਾ ਵੱਖਰਾ ਮੁਕਾਮ ਰੱਖਦਾ ਹੈ। ਰਾਜਨੀਤੀ ਦੇ ਸਭ ਤੋਂ ਸ਼ੁਰੂਆਤੀ ਦੌਰ ਵਿੱਚ ਆਜ਼ਾਦੀ ਅੰਦੋਲਨ ਨਾਲ ਜੁੜੇ ਰਹੇ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੱਕ ਪਹੁੰਚੇ। 1938 ਵਿੱਚ ਉਹ ਪਹਿਲੀ ਵਾਰ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਸਨ। ਬਾਅਦ ਵਿੱਚ ਕਾਂਗਰਸ ਨਾਲ ਜੁੜੇ। ਉਨ੍ਹਾਂ ਦੇ ਰਾਜਨੀਤਕ ਕਰੀਅਰ ਵਿੱਚ ਕੈਰੋਂ ਵੱਲੋਂ ਆਜ਼ਾਦੀ ਤੋਂ ਤੁਰੰਤ ਬਾਅਦ ਪੰਜਾਬ ਦੇ ਪੁਨਰਵਾਸ ਮੰਤਰੀ ਦਾ ਅਹੁਦਾ ਵੀ ਸੰਭਾਲਿਆ ਅਤੇ ਮੁੱਖ ਮੰਤਰੀ ਅਹੁਦੇ ਦੇ 1956 ਤੋਂ 1964 ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਭਵਿੱਖ ਲਈ ਕਈ ਅਜਿਹੇ ਪ੍ਰਾਜੈਕਟ ਸ਼ੁਰੂ ਅਤੇ ਸਥਾਪਤ ਹੋਏ, ਜਿਨ੍ਹਾਂ ਨੂੰ ਅੱਜ ਵੀ ਰਾਜਨੇਤਾ ਯਾਦ ਕਰਦੇ ਹਨ। ਪੁੱਤਰ ਸੁਰਿੰਦਰ ਸਿੰਘ ਕੈਰੋਂ ਤਰਨਤਾਰਨ ਤੋਂ ਲੋਕ ਸਭਾ ਦੇ ਮੈਂਬਰ ਰਹੇ ਅਤੇ ਉਨ੍ਹਾਂ ਦਾ ਪੁੱਤਰ ਆਦੇਸ਼ ਪ੍ਰਤਾਪ ਕੈਰੋਂ ਵਿਧਾਇਕ ਅਤੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਅਹੁਦੇ ’ਤੇ ਰਿਹਾ। ਪ੍ਰਤਾਪ ਸਿੰਘ ਕੈਰੋਂ ਦੇ ਦੂਜੇ ਬੇਟੇ ਗੁਰਿੰਦਰ ਕਾਂਗਰਸ ਨਾਲ ਜੁੜੇ ਰਹੇ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ 6 ਡੇਰੇ 68 ਸੀਟਾਂ ’ਤੇ ਪਾਉਂਦੇ ਹਨ ਸਿੱਧਾ ਅਸਰ

ਪਟਿਆਲਾ ਦਾ ਸ਼ਾਹੀ ਘਰਾਣਾ

ਪਟਿਆਲੇ ਦੇ ਸ਼ਾਹੀ ਪਰਿਵਾਰ ਦੀ ਲੋਕੰਤਤਰਿਕ ਰਾਜਨੀਤੀ ਦੀ ਸ਼ੁਰੂਆਤ (ਮਹਾਰਾਜਾ) ਯਾਦਵਿੰਦਰ ਸਿੰਘ ਦੇ ਸਮੇਂ ਤੋਂ ਹੋਈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਯਾਦਵਿੰਦਰ ਸਿੰਘ ਪਟਿਆਲਾ ਐਂਡ ਈਸਟਰਨ ਪੰਜਾਬ ਸਟੇਟਸ ਯੂਨੀਅਨ (ਪੈਪਸੂ) ਦੇ ਰਾਜ ਪ੍ਰਮੁੱਖ ਬਣੇ। ਉੱਥੇ ਹੀ, ਉਨ੍ਹਾਂ ਦੀ ਰਾਜਨੀਤਕ ਵਿਰਾਸਤ ਨੂੰ ਉਨ੍ਹਾਂ ਦੀ ਪਤਨੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਨੇ ਅੱਗੇ ਵਧਾਇਆ ਤੇ 1964 ਵਿੱਚ ਪਹਿਲੀ ਵਾਰ ਰਾਜ ਸਭਾ ਸੰਸਦ ਮੈਂਬਰ ਬਣੇ ਅਤੇ ਫਿਰ ਉਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ ਵੀ ਰਹੇ। ਇਸੇ ਤਰ੍ਹਾਂ ਰਾਜਨੀਤੀ ਨੂੰ ਅੱਗੇ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ 2 ਵਾਰ ਮੁੱਖ ਮੰਤਰੀ ਬਣੇ ਅਤੇ ਆਪਣੇ ਰਾਜਨੀਤਕ ਕਰੀਅਰ ਵਿੱਚ ਹੁਣ ਤੱਕ ਸੰਸਦ ਮੈਂਬਰ ਅਤੇ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵੀ ਚੌਥੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਵੀ ਬਠਿੰਡਾ ਤੋਂ ਲੋਕ ਸਭਾ ਅਤੇ ਸਮਾਣਾ ਤੋਂ ਵਿਧਾਨ ਸਭਾ ਸੀਟ ਦੀ ਚੋਣ ਲੜ ਚੁੱਕੇ ਹਨ।

ਇਹ ਵੀ ਪੜ੍ਹੋ : 1957 ਤੋਂ ਲਗਾਤਾਰ ਵੱਧਦੀ ਜਾ ਰਹੀ ਹੈ ਸਿਆਸੀ ਪਾਰਟੀਆਂ ਦੀ ਗਿਣਤੀ

ਚੌਧਰੀ ਪਰਿਵਾਰ : ਸੁਰਿੰਦਰ ਹਾਲੇ ਵਿਧਾਇਕ

ਮਾਸਟਰ ਗੁਰਬੰਤਾ ਸਿੰਘ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚੋਣ ਰਾਜਨੀਤੀ ਵਿੱਚ ਆਏ ਤੇ ਪ੍ਰਤਾਪ ਸਿੰਘ ਕੈਰੋਂ ਸਰਕਾਰ ਵਿੱਚ ਮੰਤਰੀ ਬਣੇ। ਉਸ ਤੋਂ ਬਾਅਦ 6 ਵਾਰ ਵਿਧਾਇਕ ਰਹੇ। ਚੌਧਰੀ ਗੁਰਬੰਤਾ ਸਿੰਘ ਦੇ ਬੇਟੇ ਚੌਧਰੀ ਜਗਜੀਤ ਸਿੰਘ ਤਿੰਨ ਵਾਰ ਮੰਤਰੀ ਰਹੇ ਅਤੇ ਦੂਜੇ ਬੇਟੇ ਚੌਧਰੀ ਸੰਤੋਖ ਸਿੰਘ ਸੰਸਦ ਮੈਂਬਰ ਬਣੇ। ਚੌਧਰੀ ਜਗਜੀਤ ਸਿੰਘ ਦੇ ਬੇਟੇ ਸੁਰਿੰਦਰ ਸਿੰਘ ਵੀ ਮੌਜੂਦਾ ਸਮੇਂ 'ਚ ਵਿਧਾਇਕ ਹਨ, ਜਦੋਂਕਿ ਸੰਤੋਖ ਸਿੰਘ ਦੇ ਬੇਟੇ ਵਿਕਰਮਜੀਤ ਸਿੰਘ ਇਸ ਵਾਰ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ : ਬਾਦਲ ਦਲ ਨੂੰ ਵੱਡਾ ਝਟਕਾ, ਸਾਬਕਾ ਨਗਰ ਕੌਂਸਲ ਪ੍ਰਧਾਨ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ’ਚ ਸ਼ਾਮਲ

ਮਜੀਠੀਆ ਪਰਿਵਾਰ : ਦਬਦਬਾ ਬਰਕਰਾਰ

ਪੰਜਾਬ ਦੀ ਰਾਜਨੀਤੀ ਵਿੱਚ ਆਪਣਾ ਵੱਖਰਾ ਦਬਦਬਾ ਰੱਖਣ ਵਾਲੀ 1925 ਵਿੱਚ ਗਠਿਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਦੇ ਪਰਿਵਾਰ ਦਾ ਦਬਦਬਾ ਪੰਜਾਬ ਦੀ ਰਾਜਨੀਤੀ ’ਤੇ ਹਾਲੇ ਵੀ ਕਾਇਮ ਹੈ। ਸੁੰਦਰ ਸਿੰਘ ਮਜੀਠੀਆ 1921 ਅਤੇ 1926 ਵਿੱਚ ਪਹਿਲੀ ਅਤੇ ਦੂਜੀ ਪੰਜਾਬ ਅਸੈਂਬਲੀ 'ਚ ਰੈਵੇਨਿਊ ਮੈਂਬਰ ਰਹੇ। 1937 ਵਿੱਚ ਜਦੋਂ ਭਾਰਤੀ ਪ੍ਰੋਵੈਂਸ਼ੀਅਲ ਚੋਣਾਂ ਹੋਈਆਂ ਤਦ ਸਿਕੰਦਰ ਹਿਆਤ ਖਾਨ ਨੇ ਉਨ੍ਹਾਂ ਨੂੰ ਤਰੱਕੀ ਦੇ ਕੇ ਕੈਬਨਿਟ ਵਿੱਚ ਰੈਵੇਨਿਊ ਮਨਿਸਟਰ ਬਣਾਇਆ, ਉਹ 1941 ਵਿੱਚ ਆਪਣੇ ਦਿਹਾਂਤ ਤੱਕ ਇਸ ਅਹੁਦੇ ’ਤੇ ਰਹੇ। ਉਨ੍ਹਾਂ ਦੇ ਬੇਟੇ ਸੁਰਜੀਤ ਸਿੰਘ ਮਜੀਠੀਆ ਏਅਰਫੋਰਸ ਵਿੱਚ ਵਿੰਗ ਕਮਾਂਡਰ ਦੇ ਅਹੁਦੇ ਤੱਕ ਪਹੁੰਚੇ ਅਤੇ ਬਾਅਦ ਵਿੱਚ ਰਾਜਨੀਤੀ 'ਚ ਉੱਤਰੇ। 1952 ਤੋਂ 1967 ਤੱਕ ਉਹ 3 ਵਾਰ ਲਗਾਤਾਰ ਸੰਸਦ ਮੈਂਬਰ ਚੁਣੇ ਗਏ। ਉਹ 1952 ਤੋਂ 1962 ਤੱਕ ਨਹਿਰੂ ਸਰਕਾਰ ਵਿੱਚ ਕੇਂਦਰੀ ਉਪ ਰੱਖਿਆ ਮੰਤਰੀ ਵੀ ਰਹੇ ਹਨ। ਸੁਰਜੀਤ ਸਿੰਘ ਦੇ ਬੇਟੇ ਸਤਿਆਜੀਤ ਸਿੰਘ ਮਜੀਠੀਆ ਦਾ ਹਾਲਾਂਕਿ ਰਾਜਨੀਤੀ ਨਾਲ ਜ਼ਿਆਦਾ ਲਗਾਅ ਨਹੀਂ ਰਿਹਾ ਪਰ ਉਨ੍ਹਾਂ ਦੇ ਬੇਟੇ ਬਿਕਰਮ ਸਿੰਘ ਮਜੀਠੀਆ ਪੰਜਾਬ ਵਿੱਚ ਪਾਵਰਫੁਲ ਮਨਿਸਟਰ ਰਹੇ, ਜਦੋਂਕਿ ਬੇਟੀ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਅਤੇ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ : ਸੁਖਬੀਰ ਨੂੰ ਨਹੀਂ ਚਾਹੀਦੈ 'ਬਾਦਲ' ਦੇ ਨਾਂ ਦਾ ਸਹਾਰਾ

ਇਹ ਪਰਿਵਾਰ ਵੀ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ

ਸਤਨਾਮ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਬੇਟੇ ਪ੍ਰਤਾਪ ਸਿੰਘ ਬਾਜਵਾ, ਫਤਹਿਜੰਗ ਬਾਜਵਾ ਅਤੇ ਨੂੰਹ ਚਰਨਜੀਤ ਕੌਰ ਵੀ ਵਿਧਾਇਕ ਰਹੇ। ਮੌਜੂਦਾ ਸਮੇਂ ਵਿੱਚ ਰਾਜ ਦੇ ਡਿਪਟੀ ਸੀ. ਐੱਮ. ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਵੀ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿੱਚ ਸਰਗਰਮ ਰਹੇ। ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਕਈ ਵਾਰ ਵਿਧਾਇਕ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਵੀ ਰਹਿ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਅਤੇ ਉਨ੍ਹਾਂ ਦੇ ਬੇਟੇ ਗਗਨਦੀਪ ਬਰਨਾਲਾ ਵੀ ਵਿਧਾਇਕ ਰਹਿ ਚੁੱਕੇ ਹਨ। ਫਿਰੋਜ਼ਪੁਰ ਤੋਂ ਸੰਸਦ ਮੈਂਬਰ ਰਹੇ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਮੌਜੂਦਾ ਸਮੇਂ ’ਚ ਵਿਧਾਇਕ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਅੱਤਵਾਦੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, ਗਣਤੰਤਰ ਦਿਹਾੜੇ ਮੌਕੇ ਸੀ ਹਮਲੇ ਦੀ ਤਿਆਰੀ

ਜਾਖੜ ਪਰਿਵਾਰ

ਚੌਧਰੀ ਰਾਜਾ ਰਾਮ ਜਾਖੜ ਦਾ ਅਬੋਹਰ ਦੇ ਨਜ਼ਦੀਕੀ ਪਿੰਡ ਪੰਜਕੋਸੀ ਤੋਂ ਸ਼ੁਰੂ ਹੋਇਆ ਰਾਜਨੀਤਕ ਸਫਰ ਉਨ੍ਹਾਂ ਦੇ ਬੇਟੇ ਬਲਰਾਮ ਜਾਖੜ ਨੇ ਕੌਮੀ ਪੱਧਰ ਤੱਕ ਪਹੁੰਚਾਇਆ, ਜੋ ਕਿ ਲੋਕ ਸਭਾ ਦੇ ਸਭ ਤੋਂ ਲੰਬੇ ਅਰਸੇ ਤੱਕ ਸਪੀਕਰ ਰਹੇ। ਬਲਰਾਮ ਜਾਖੜ ਦੇ ਬੇਟੇ ਸੱਜਣ ਕੁਮਾਰ ਜਾਖੜ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ, ਜਦੋਂਕਿ ਦੂਜੇ ਬੇਟੇ ਸੁਨੀਲ ਕੁਮਾਰ ਜਾਖੜ 3 ਵਾਰ ਵਿਧਾਇਕ ਅਤੇ ਇਕ ਵਾਰ ਸੰਸਦ ਮੈਂਬਰ ਚੁਣੇ ਜਾ ਚੁੱਕੇ ਹਨ। ਕਿਸਾਨਾਂ ਦੇ ਮੁੱਦਿਆਂ ਨਾਲ ਲੰਬੇ ਅਰਸੇ ਤੋਂ ਜੁੜੇ ਰਹੇ ਇਸ ਪਰਿਵਾਰ ਦਾ ਦਬਦਬਾ ਨਾ ਸਿਰਫ ਪੰਜਾਬ, ਸਗੋਂ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੱਕ ਪਹੁੰਚਦਾ ਹੈ।

ਇਹ ਵੀ ਪੜ੍ਹੋ : ਖੂਬ ਪੜ੍ਹੇ-ਲਿਖੇ ਹਨ ਪੰਜਾਬ ਦੇ ਪ੍ਰਧਾਨ, ਜਾਣੋ ਵੱਡੇ ਆਗੂਆਂ ਦੀ ਵਿੱਦਿਅਕ ਯੋਗਤਾ (ਤਸਵੀਰਾਂ)

ਬਰਾੜ ਪਰਿਵਾਰ

5 ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ, ਪੰਜਾਬ ਦੇ ਮੁੱਖ ਮੰਤਰੀ ਤੇ ਓਡਿਸ਼ਾ ਅਤੇ ਹਰਿਆਣਾ ਦੇ ਰਾਜਪਾਲ ਰਹੇ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦਾ ਵੀ ਰਾਜਨੀਤੀ ਵਿੱਚ ਖਾਸਾ ਦਬਦਬਾ ਰਿਹਾ ਹੈ। ਹਰਚਰਨ ਸਿੰਘ ਬਰਾੜ ਨੇ ਹੀ ਫਰੀਦਕੋਟ ਤੋਂ ਵੱਖ ਕਰਕੇ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ਦਾ ਗਠਨ ਕੀਤਾ ਸੀ। ਉਨ੍ਹਾਂ ਦੀ ਪਤਨੀ ਗੁਰਬਰਿੰਦਰ ਕੌਰ ਬਰਾੜ ਵੀ ਵਿਧਾਇਕ, ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਮੰਤਰੀ, ਸੰਸਦ ਮੈਂਬਰ ਅਤੇ ਫਿਰ ਪੰਜਾਬ ਵਿਧਾਨ ਸਭਾ ਦੇ ਨੇਤਾ ਵਿਰੋਧੀ ਧਿਰ ਰਹੇ। ਉਨ੍ਹਾਂ ਦਾ ਪੁੱਤਰ ਆਦੇਸ਼ ਕੰਵਰਜੀਤ ਸਿੰਘ ਬਰਾੜ ਵੀ ਵਿਧਾਇਕ ਰਿਹਾ ਅਤੇ ਨੂੰਹ ਕਰਨ ਕੌਰ ਬਰਾੜ ਵੀ ਵਿਧਾਇਕ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ED ਦੀ ਛਾਪੇਮਾਰੀ 'ਤੇ ਸਿਆਸੀ ਘਮਾਸਾਨ, ਮਜੀਠੀਆ ਨੇ CM ਚੰਨੀ ਨੂੰ ਲਿਆ ਨਿਸ਼ਾਨੇ 'ਤੇ

ਬਾਦਲ ਪਰਿਵਾਰ

ਸ਼੍ਰੋਮਣੀ ਅਕਾਲੀ ਦਲ ਸ਼ੁਰੂਆਤੀ ਦੌਰ ਵਿੱਚ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ’ਤੇ ਕੇਂਦਰਿਤ ਰਿਹਾ। ਦੇਸ਼ ਆਜ਼ਾਦ ਹੋਇਆ ਤਾਂ ਲੋਕਤੰਤਰਿਕ ਕੈਰੀਅਰ ਦੇ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਪਿੰਡ ਦੇ ਸਰਪੰਚ ਚੁਣੇ ਗਏ ਅਤੇ ਫਿਰ ਬਾਅਦ ਵਿੱਚ ਬਲਾਕ ਕਮੇਟੀ ਦੇ ਪ੍ਰਧਾਨ ਬਣੇ। 1957 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਚਾਰ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਕੰਮ ਕੀਤਾ। ਦਸ ਵਾਰ ਵਿਧਾਇਕ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਇਸ ਲਈ ਪੰਜਾਬ ਦੀ ਰਾਜਨੀਤੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਤੋਂ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਬਾਦਲ ਵਿਧਾਇਕ, ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਤੱਕ ਦਾ ਸਫਰ ਕਰ ਚੁੱਕੇ ਹਨ, ਜਦੋਂਕਿ ਭਰਾ ਗੁਰਦਾਸ ਸਿੰਘ ਬਾਦਲ ਵੀ ਸੰਸਦ ਅੰਦਰ ਬਿਰਾਜਮਾਨ ਰਹੇ ਹਨ। ਭਤੀਜਾ ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਵਿੱਚ ਸਭ ਤੋਂ ਵੱਧ ਸਾਲਾਂ ਤੱਕ ਪੰਜਾਬ ਦੇ ਖ਼ਜ਼ਾਨਾ ਮੰਤਰੀ ਰਹਿਣ ਵਾਲੇ ਰਾਜਨੇਤਾ ਹਨ। ਨੂੰਹ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਹੇ ਹਨ।

ਇਹ ਵੀ ਪੜ੍ਹੋ : ਭਾਜਪਾ ਦੀ ਟਿਕਟ ਨੂੰ ਲੈ ਕੇ ਜਲੰਧਰ ਛਾਉਣੀ ਹਲਕੇ ’ਚ ਅਮਿਤ ਤਨੇਜਾ ਤੇ ਸਰਬਜੀਤ ਮੱਕੜ ’ਚ ਫਸਿਆ ਪੇਚ

ਬੇਅੰਤ ਪਰਿਵਾਰ

ਅੱਤਵਾਦ ਦੇ ਦੌਰ ਦੇ ਆਖਰੀ ਦਿਨਾਂ ਵਿੱਚ ਪੰਜਾਬ 'ਚ 1992 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਦਾ ਜ਼ਿੰਮਾ ਮਿਲਿਆ। ਦੇਸ਼ ਦੇ ਆਜ਼ਾਦੀ ਅੰਦੋਲਨ ਦੌਰਾਨ ਸਰਗਰਮ ਰਹੇ ਬੇਅੰਤ ਸਿੰਘ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ 1960 ਵਿੱਚ ਬਲਾਕ ਸੰਮਤੀ ਦੀ ਚੋਣ ਜਿੱਤੇ ਅਤੇ ਫਿਰ 1969 ਵਿੱਚ ਪਹਿਲੀ ਵਾਰ ਆਜ਼ਾਦ ਤੌਰ ’ਤੇ ਚੋਣ ਲੜ ਕੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ। ਉਸ ਤੋਂ ਬਾਅਦ ਲਗਾਤਰ ਸਰਗਰਮ ਰਹੇ ਤੇ ਕਾਂਗਰਸ ਦੇ ਨਾਲ ਜੁੜੇ ਰਹੇ। ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਹੀ ਬੇਅੰਤ ਸਿੰਘ ਨੂੰ ਕਾਰ ਬੰਬ ਧਮਾਕੇ ਵਿੱਚ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਬੇਟੇ ਤੇਜ ਪ੍ਰਕਾਸ਼ ਸਿੰਘ ਕੋਟਲੀ ਚੋਣ ਜਿੱਤੇ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ। ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਵੀ ਵਿਧਾਇਕ ਬਣ ਕੇ ਪੰਜਾਬ ਅਸੈਂਬਲੀ ਵਿੱਚ ਪਹੁੰਚੇ। ਉਨ੍ਹਾਂ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਸੰਸਦ ਮੈਂਬਰ ਹਨ, ਜਦੋਂਕਿ ਦੂਜੇ ਪੋਤਰੇ ਗੁਰਕੀਰਤ ਸਿੰਘ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਨ।

ਇਹ ਵੀ ਪੜ੍ਹੋ : ਜਾਣੋ ਕੀ ਹੈ ਹਰਪ੍ਰੀਤ ਸਿੱਧੂ ਦੀ ਬਿਕਰਮ ਮਜੀਠੀਆ ਨਾਲ ਕੁੜੱਤਣ?

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News