ਸਿਆਸੀ ਛਾਂ ਹੇਠ ਵੱਧਦੇ-ਫੁੱਲਦੇ ਹਨ ਅਜਿਹੇ ਬਾਬੇ, ਰਾਸ਼ਟਰੀ ਸਿੱਖ ਸੰਗਤ ਨੇ ਕੀਤੀ ਨਿੰਦਾ
Wednesday, Sep 13, 2017 - 08:12 AM (IST)
ਨਵੀਂ ਦਿੱਲੀ — ਰਾਸ਼ਟਰੀ ਸਿੱਖ ਸੰਗਤ ਨੇ ਕਿਹਾ ਹੈ ਕਿ ਰਾਮ ਰਹੀਮ ਨੂੰ ਐਸ.ਜੀ.ਪੀ.ਸੀ. ਵਲੋਂ ਮਾਫ ਕੀਤੇ ਜਾਣ ਅਤੇ ਇਸ ਨੂੰ ਇਤਿਹਾਸਕ ਫੈਸਲਾ ਮੰਨਦੇ ਹੋਏ ਅਖਬਾਰਾਂ 'ਚ ਬਹੁਤ ਹੀ ਲੰਬੇ-ਚੌੜੇ ਵਿਗਿਆਪਨ ਦੇ ਕੇ ਸ਼ਰਧਾਲੂਆਂ ਦੀ ਰਾਸ਼ੀ ਦਾ ਇਸ ਤਰ੍ਹਾਂ ਇਸਤੇਮਾਲ ਕਰਨਾ ਬਹੁਤ ਹੀ ਦੁੱਖ ਦਾ ਵਿਸ਼ਾ ਹੈ। ਸੰਗਤ ਨੇ ਮੰਗ ਕੀਤੀ ਹੈ ਕਿ ਗੁਰਸਿੱਖ ਨੇਤਾ ਐਸ.ਜੀ.ਪੀ.ਸੀ. ਦੇ ਰਿਕਾਰਡ ਨੂੰ ਠੀਕ ਕਰਵਾ ਕੇ ਸਾਰਿਆਂ ਨੂੰ ਸ਼ਰਮਿੰਦਾ ਹੋਣ ਤੋਂ ਬਚਾਉਣ। ਡੇਰਾ ਸੱਚਾ ਸੌਦਾ ਦੇ ਮਾਮਲੇ 'ਚ ਹੀ ਨਹੀਂ ਸਗੋਂ ਕਈ ਵਾਰ ਸਿਆਸੀ ਲੋਕਾਂ ਵਲੋਂ ਐਸ.ਜੀ.ਪੀ.ਸੀ. ਅਤੇ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਦੀ ਵਰਤੋਂ ਕਰਕੇ ਆਪਣੇ ਸਿਆਸੀ ਫਾਇਦਿਆਂ ਦੀ ਪੂਰਤੀ ਦੇ ਲਈ ਕੀਤਾ ਗਿਆ ਹੈ। ਡੇਰਾ ਸੱਚਾ ਸੌਦਾ ਦੇ ਬਾਰੇ 'ਚ ਸਾਡਾ ਸੰਗਠਨ ਸ਼ੁਰੂ ਤੋਂ ਹੀ ਸਪੱਸ਼ਟ ਸੀ ਕਿ ਸਿਆਸੀ ਲੋਕਾਂ ਨੇ ਪਹਿਲਾਂ ਨਿਰੰਕਾਰੀਆਂ ਦੀ ਵਰਤੋਂ ਕਰਕੇ ਸਾਰੇ ਸਿੱਖ ਸਮਾਜ ਨੂੰ ਸੜਦੀ ਅੱਗ 'ਚ ਪਾ ਦਿੱਤਾ, ਇਸ ਤੋਂ ਬਾਅਦ ਰਾਮ ਰਹੀਮ ਦੀ ਵਰਤੋਂ ਕਰਕੇ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਈਆਂ।
ਸਾਡੇ ਸਿਆਸੀ ਲੋਕ ਆਪਣੇ ਰਾਜਨੀਤਿਕ ਫਾਇਦਿਆਂ ਦੇ ਕਾਰਨ ਇਸ ਤਰ੍ਹਾਂ ਦੇ ਬਾਬਿਆਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਤਰ੍ਹਾਂ ਦੇ ਬਾਬੇ ਸਿਆਸੀ ਛਾਂ ਹੇਠ ਵੱਧਦੇ-ਫੁੱਲਦੇ ਹਨ। ਇਸ ਮੋਹ ਤੋਂ ਕੋਈ ਵੀ ਸਿਆਸੀ ਪਾਰਟੀ ਮੁਕਤ ਨਹੀਂ ਹੈ। ਅਸੀਂ ਇਸ ਤਰ੍ਹਾਂ ਦੀਆਂ ਊਨਤਾਈਆਂ ਦੀ ਸਖਤ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ।
