ਸਿਆਸੀ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ : ਬੀਰ ਦਵਿੰਦਰ ਸਿੰਘ

Tuesday, Aug 23, 2022 - 06:13 PM (IST)

ਸਿਆਸੀ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ : ਬੀਰ ਦਵਿੰਦਰ ਸਿੰਘ

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ 15 ਸਾਲ ਪੰਜਾਬ ’ਚ ਰਾਜਨੀਤਕ ਲੁੱਟ-ਘਸੁੱਟ ਤੇ ਵਿਆਪਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ। ਇਸ ਦੌਰ ’ਚ ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਲੀਡਰਾਂ ਅਤੇ ਉਨ੍ਹਾਂ ਦੇ ਚਹੇਤੇ ਨੌਕਰਸ਼ਾਹਾਂ ਤੇ ਪੁਲਸ ਅਫ਼ਸਰਾਂ ਨੇ ਪੰਜਾਬ ਨੂੰ ਬੇਰਹਿਮੀ ਨਾਲ ਡਾਕੂਆਂ ਵਾਂਗ ਲੁੱਟਿਆ ਹੈ। ਸਰਕਾਰ ਦੇ ਹਰ ਮਹਿਕਮੇ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਰਾਜ ’ਚ ਤਾਂ ਕੁਝ ਵਜ਼ੀਰ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀਆਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੀ ਹੜੱਪ ਗਏ। ਅਜਿਹੇ ’ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਨੀਤਕ ਅਤੇ ਪ੍ਰਸ਼ਾਸਨਿਕ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਹਰ ਪੱਖੋਂ ਸਹਿਯੋਗ ਮਿਲਣਾ ਚਾਹੀਦਾ ਹੈ। ਮੈਨੂੰ ਪੂਰਨ ਯਕੀਨ ਹੈ ਕਿ ਜੇਕਰ ਪੂਰੀ ਦ੍ਰਿੜ ਇੱਛਾ-ਸ਼ਕਤੀ ਨਾਲ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ ਅਤੇ ਕਿਸੇ ਵੀ ਭ੍ਰਿਸ਼ਟ ਲੀਡਰ ਤੇ ਨੌਕਰਸ਼ਾਹ ਦੀ ਕੋਈ ਲਿਹਾਜ਼ ਨਾ ਕੀਤੀ ਜਾਵੇ, ਵਿਆਪਕ ਭ੍ਰਿਸ਼ਟਾਚਾਰ ਰਾਹੀਂ, ਪੰਜਾਬ ਨੂੰ ਲੁੱਟ ਕੇ ਦੇਸ਼ਾ-ਵਿਦੇਸ਼ਾਂ ’ਚ ਬਣਾਈਆਂ ਜਾਇਦਾਦਾਂ ਕੁਰਕ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾਵੇ ਤਾਂ ਪੰਜਾਬ ਆਪਣੇ ਆਰਥਿਕ ਸਾਧਨਾ ਰਾਹੀਂ ਹੀ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ।

ਜਿਹੜੀ ਵੀ ਸਰਕਾਰ ਆਈ ਉਸ ਨੇ ‘ਪੰਜ-ਤਾਰਾ’ ਡੀਲਕਸ ਹੋਟਲ’, ‘ਓਬਰਾਏ’, ਸੁੱਖ ਵਿਲਾਸ’, ‘ਸਿਸਵਾਂ ਮਹਿਲ’ ਉਸਾਰ ਲਿਆ, ਕਿਉਂਕਿ ਪਟਿਆਲੇ ਦੇ 30 ਏਕੜ ’ਚ ਪਸਰੇ ‘ਨਵੇਂ ਮੋਤੀ ਬਾਗ’ ਅਤੇ ਸਰਕਾਰੀ ‘ਮੁੱਖ ਮੰਤਰੀ ਨਿਵਾਸ’ ਉਨ੍ਹਾਂ ਲਈ ਛੋਟਾ ਸੀ। ਬਾਦਲਾਂ ਨੇ ਵੀ ਚੰਡੀਗੜ੍ਹ ’ਚ ਆਪਣੀਆਂ ਪੁਰਾਣੀਆਂ ਕੋਠੀਆਂ ਢਾਹ ਕੇ ਹੋਰ ਵਿਸਤਾਰ ਕਰ ਕੇ ਨਵੀਆਂ ਮਹਿਲ ਨੁਮਾਂ ਕੋਠੀਆਂ ਬਣਾ ਲਈਆਂ, ਬਾਦਲ ਪਿੰਡ ’ਚ ਵੀ ਨਵੀਆਂ ਹਵੇਲੀਆਂ ਤੇ ਨਵੇਂ ਕਿਲੇ ਉਸਾਰ ਲਏ। ਪੰਜਾਬ ਦੇ ਇਹ ਦੋ ਪ੍ਰਮੁੱਖ ਰਾਜਨੀਤਕ ਪਰਿਵਾਰ ਤਾਂ ਆਪਣੇ ਕਾਰੋਬਾਰਾਂ ਦੇ ਵਿਸਥਾਰਾਂ ਤੇ ਦੌਲਤਾਂ ਦੇ ਅੰਬਾਰਾਂ ਨੂੰ ਖੜ੍ਹੇ ਕਰਨ ’ਚ ਹੀ ਲੱਗੇ ਰਹੇ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਦਾ ਰਾਜਨੀਤਕ ਭ੍ਰਿਸ਼ਟਾਚਾਰ ਤੇ ਕੁਸ਼ਾਸਨ ਵਿਰੁੱਧ ਰੋਸ ਇਸ ਕਦਰ ਪ੍ਰਚੰਡ ਸੀ ਕਿ ਲੋਕਾਂ ਨੇ ਆਪਣੀ ਵੋਟ ਰਾਹੀਂ ਮੌਜੂਦਾ ਤੇ ਸਾਬਕਾ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਤੇ ਮੰਤਰੀ ਸਭ ਘਰੇ ਬਿਠਾ ਦਿੱਤਾ।


author

Gurminder Singh

Content Editor

Related News