ਅਮਰਿੰਦਰ ਨੇ ਟਵਿਟਰ ''ਤੇ ਸੁਖਬੀਰ ਉੱਤੇ ਕੀਤਾ ਸਿਆਸੀ ਹਮਲਾ

12/11/2017 3:00:17 AM

ਜਲੰਧਰ  (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਟਵਿਟਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ। ਸੁਖਬੀਰ ਨੇ ਜਦੋਂ ਟਵਿਟਰ 'ਤੇ ਲਿਖਿਆ ਕਿ ਕਾਂਗਰਸ ਨੇ ਪੰਜਾਬ 'ਚ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕ ਕੇ ਲੋਕਤੰਤਰ ਦੀ ਹੱਤਿਆ ਕੀਤੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਝੂਠ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਤੋਂ ਰੋਕਿਆ ਗਿਆ ਸੀ ਤਾਂ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਆਪਣੀਆਂ ਨਾਮਜ਼ਦਗੀਆਂ ਜਮ੍ਹਾ  ਕਰਵਾਉਣ ਲਈ ਇਕ ਦਿਨ ਦਾ ਵਾਧੂ ਸਮਾਂ ਦਿੱਤਾ ਸੀ। ਤੱਥਾਂ ਨੂੰ ਅਕਾਲੀ ਦਲ ਝੂਠਲਾ ਨਹੀਂ ਸਕਦਾ। ਸੁਖਬੀਰ ਨੇ ਬਾਅਦ 'ਚ ਜਦੋਂ ਆਪਣੇ ਟਵਿਟਰ 'ਤੇ ਕਾਂਗਰਸੀ ਵਰਕਰਾਂ ਵਲੋਂ ਲਾਹੌਰ ਬੱਸ ਨੂੰ ਰੋਕਣ ਲਈ ਸੜਕ 'ਤੇ ਲਾਏ ਜਾਮ ਦਾ ਜ਼ਿਕਰ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕੀਤਾ ਤਾਂ ਕੈਪਟਨ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੜਕ ਅਤੇ ਨੈਸ਼ਨਲ ਹਾਈਵੇ ਨੂੰ ਰੋਕਣ 'ਚ ਫਰਕ ਹੈ। ਇਸ ਤਰ੍ਹਾਂ ਸੰਕੇਤਕ ਰੋਸ ਪ੍ਰਦਰਸ਼ਨ ਕਰਨ ਅਤੇ 24 ਘੰਟੇ ਸੜਕ ਜਾਮ ਕਰਨ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਅਕਾਲੀ ਦਲ ਵਲੋਂ ਪ੍ਰਦਰਸ਼ਨ ਕਰਨ ਦੇ ਅਧਿਕਾਰ ਨੂੰ ਕੋਈ ਰੋਕ ਨਹੀਂ ਰਿਹਾ ਪਰ ਆਮ ਜਨਤਾ ਨੂੰ ਮੁਸੀਬਤਾਂ 'ਚ ਪਾਉਣਾ ਕੀ ਠੀਕ ਹੈ?


Related News