ਹੌਲਦਾਰ ਤੇ ਉਸ ਦੀ ਪ੍ਰੇਮਿਕਾ 35 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ
Saturday, Jan 06, 2018 - 12:19 AM (IST)

ਲੁਧਿਆਣਾ (ਅਨਿਲ) - ਪੰਜਾਬ ਸਰਕਾਰ ਵਲੋਂ ਰਾਜ 'ਚ ਨਸ਼ਿਆਂ ਨੂੰ ਖਤਮ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਅੱਜ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਸ ਦੇ ਇਕ ਹੌਲਦਾਰ ਅਤੇ ਉਸ ਦੀ ਪ੍ਰੇਮਿਕਾ ਨੂੰ 35 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਪੱਤਰਕਾਰ ਮਿਲਣੀ ਦੌਰਾਨ ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੇ ਟੀ-ਪੁਆਇੰਟ ਐੱਨ. ਆਰ. ਆਈ. ਪੁਲਸ ਸਟੇਸ਼ਨ ਮੋਤੀ ਨਗਰ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਦੌਰਾਨ ਸਾਹਮਣਿਓਂ ਇਕ ਕਾਰ ਆਉਂਦੀ ਦਿਖਾਈ ਦਿੱਤੀ, ਜਦੋਂ ਪੁਲਸ ਦੀ ਟੀਮ ਨੇ ਸ਼ੱਕ ਦੇ ਆਧਾਰ 'ਤੇ ਕਾਰ ਨੂੰ ਚੈਕਿੰਗ ਲਈ ਰੋਕਣਾ ਚਾਹਿਆ ਤਾਂ ਉਕਤ ਕਾਰ ਚਾਲਕ ਨੇ ਨਾਕਾਬੰਦੀ ਤੋਂ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦੀ ਮੁਸਤੈਦੀ ਕਾਰਨ ਕਾਰ ਨੂੰ ਤੁਰੰਤ ਕਾਬੂ ਕਰ ਕੇ ਜਦੋਂ ਕਾਰ 'ਚ ਬੈਠੇ ਚਾਲਕ ਤੇ ਔਰਤ ਨੂੰ ਬਾਹਰ ਕੱਢਿਆ ਤਾਂ ਕਾਰ ਚਾਲਕ ਨੇ ਆਪਣੇ ਆਪ ਨੂੰ ਪੰਜਾਬ ਪੁਲਸ ਦਾ ਹੌਲਦਾਰ ਦੱਸਿਆ ਅਤੇ ਰੋਅਬ ਝਾੜਨ ਲੱਗਾ। ਐੱਸ. ਟੀ. ਐੱਫ. ਨੂੰ ਉਕਤ ਵਿਅਕਤੀ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਦੀ ਤਲਾਸ਼ੀ ਲਈ, ਜਿਸ ਕੋਲੋਂ 30 ਗਾ੍ਰਮ, ਜਦੋਂਕਿ ਨਾਲ ਬੈਠੀ ਔਰਤ ਕੋਲੋਂ 35 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 35 ਲੱਖ ਰੁਪਏ ਦੇ ਕਰੀਬ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਦੋਸ਼ੀ ਦੀ ਪਛਾਣ ਹੌਲਦਾਰ ਪਵਨ ਕੁਮਾਰ ਪੁੱਤਰ ਵਿਸਾਖਾ ਸਿੰਘ ਵਾਸੀ ਪਿੰਡ ਅਗਵਾੜ ਖਵਾਜ਼ਾ ਬਾਜ ਜਗਰਾਓਂ ਅਤੇ ਔਰਤ ਦੀ ਪਛਾਣ ਕੁਲਵੰਤ ਕੌਰ ਪੁੱਤਰੀ ਤੇਜਾ ਸਿੰਘ ਵਾਸੀ ਤਲਵੰਡੀ ਨੌਅਬਾਦ ਸਿੱਧਵਾਂ ਬੇਟ ਵਜੋਂ ਕੀਤੀ ਹੈ, ਜਿਨ੍ਹਾਂ ਖਿਲਾਫ ਥਾਣਾ ਮੋਤੀ ਨਗਰ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਦੀ ਖੁਫੀਆ ਜਾਣਕਾਰੀ ਗਲਤ ਅਨਸਰਾਂ ਨੂੰ ਦੇਣ ਕਾਰਨ 4 ਮਹੀਨੇ ਪਹਿਲਾਂ ਕੀਤਾ ਸਸਪੈਂਡ
ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਹੌਲਦਾਰ ਪਵਨ ਕੁਮਾਰ ਨੂੰ 4 ਮਹੀਨੇ ਪਹਿਲਾਂ ਹੀ ਵਿਭਾਗ ਵਲੋਂ ਸਸਪੈਂਡ ਕੀਤਾ ਗਿਆ ਹੈ ਅਤੇ ਅਜੇ ਉਸ ਦੀ ਤਾਇਨਾਤੀ ਪੁਲਸ ਲਾਈਨ 'ਚ ਹੀ ਸੀ। ਉਨ੍ਹਾਂ ਦੱਸਿਆ ਕਿ ਪਵਨ ਕੁਮਾਰ 'ਤੇ ਪੁਲਸ ਦੀ ਖੁਫੀਆ ਜਾਣਕਾਰੀ ਨੂੰ ਗਲਤ ਲੋਕਾਂ ਤੱਕ ਪਹੁੰਚਾਉਣ ਸਬੰਧੀ ਜਾਂਚ ਦੌਰਾਨ ਉਸ ਨੂੰ 18 ਅਗਸਤ 2017 ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।
ਦੋਸ਼ੀ 'ਤੇ ਪਹਿਲਾਂ ਹੀ 2 ਸੰਗੀਨ ਅਪਰਾਧਾਂ ਦੇ ਪਰਚੇ ਦਰਜ
ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਹੌਲਦਾਰ ਪਵਨ ਕੁਮਾਰ 'ਤੇ ਕਤਲ ਦੇ ਯਤਨ ਦਾ ਇਕ ਪਰਚਾ ਥਾਣਾ ਦਾਖਾ ਵਿਚ ਦਰਜ ਹੈ ਅਤੇ ਦੂਜਾ ਮੁਕੱਦਮਾ ਧੋਖਾਦੇਹੀ ਕਰਨ ਦਾ ਐੱਨ. ਆਰ. ਆਈ. ਥਾਣਾ ਜਗਰਾਓਂ 'ਚ ਦਰਜ ਹੈ, ਜਿਸ 'ਚ ਦੋਸ਼ੀ ਨੇ ਇਕ ਇੰਗਲੈਂਡ ਵਿਚ ਰਹਿ ਰਹੀ ਔਰਤ ਤੋਂ ਉਸ ਦੇ ਭਤੀਜੇ ਦਾ ਪਾਸਪੋਰਟ ਦਿਵਾਉਣ ਅਤੇ ਉਸ ਨੂੰ ਕੈਨੇਡਾ ਭੇਜਣ ਲਈ 5 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਸੀ, ਜਿਸ 'ਚ ਦੋਸ਼ੀ ਜ਼ਮਾਨਤ 'ਤੇ ਬਾਹਰ ਹੈ, ਜਦੋਂਕਿ ਔਰਤ ਕੁਲਵੰਤ ਕੌਰ 'ਤੇ ਇਕ ਮੁਕੱਦਮਾ ਨਸ਼ਾ ਸਮੱਗਲਿੰਗ ਕਰਨ ਦਾ ਦਰਜ ਹੈ, ਜਿਸ 'ਚ ਔਰਤ ਤੋਂ 15 ਕਿਲੋ ਚੂਰਾ-ਪੋਸਤ ਬਰਾਮਦ ਕਰ ਕੇ ਥਾਣਾ ਸ਼ੰਭੂ ਪਟਿਆਲਾ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਹੈ।
4 ਸਾਲ ਤੋਂ ਰਹਿ ਰਹੇ ਹਨ ਇਕੱਠੇ
ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਹੌਲਦਾਰ ਪਵਨ ਕੁਮਾਰ ਅਤੇ ਉਸ ਦੀ ਪ੍ਰੇਮਿਕਾ ਕੁਲਵੰਤ ਕੌਰ ਇਕੱਠੇ ਹੀ ਰਹਿ ਰਹੇ ਹਨ। ਜਦੋਂਕਿ ਪਵਨ ਦੀ ਪਤਨੀ ਅਤੇ ਬੱਚੇ ਜਗਰਾਓਂ ਵਿਚ ਉਸ ਦੇ ਘਰ ਵਿਚ ਹੀ ਰਹਿ ਰਹੇ ਹਨ ਅਤੇ ਪਵਨ ਕੁਮਾਰ ਕੁਲਵੰਤ ਕੌਰ ਦੇ ਨਾਲ ਹੀ ਲੁਧਿਆਣਾ ਵਿਚ ਕਮਰਾ ਕਿਰਾਏ 'ਤੇ ਲੈ ਕੇ ਨਾਲ ਹੀ ਰਹਿੰਦਾ ਸੀ ਅਤੇ ਦੋਵੇਂ ਨਸ਼ਾ ਸਮੱਗਲਿੰਗ ਦਾ ਕੰਮ ਕਰਨ ਲੱਗੇ।
ਪੁਲਸ ਰਿਮਾਂਡ ਦੌਰਾਨ ਹੋਣਗੇ ਅਹਿਮ ਖੁਲਾਸੇ
ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਪਵਨ ਕੁਮਾਰ ਤੇ ਕੁਲਵੰਤ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਸ ਰਿਮਾਂਡ ਦੌਰਾਨ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸੇ ਦੌਰਾਨ ਇਸ ਦੇ ਬਾਕੀ ਸਾਥੀਆਂ ਦਾ ਵੀ ਪਤਾ ਲਾਇਆ ਜਾਵੇਗਾ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੇ ਕਿਨ੍ਹਾਂ ਗਾਹਕਾਂ ਨੂੰ ਸਪਲਾਈ ਕਰਦਾ ਹੈ, ਜਿਸ ਦਾ ਖੁਲਾਸਾ ਆਉਣ ਵਾਲੇ ਦਿਨਾਂ 'ਚ ਕੀਤਾ ਜਾਵੇਗਾ।