ਪੰਚਕੂਲਾ ''ਚ ਹੋਏ ਦਿਲ ਦਹਿਲਾ ਦੇਣ ਵਾਲੇ ਕਤਲ, ਇੱਕੋ ਥਾਣੇ ''ਚ ਦਰਜ ਹੋਏ ਮਾਮਲੇ ਪਰ ਨਾ ਹੋ ਸਕੀ ਜਾਂਚ
Thursday, Nov 09, 2017 - 02:09 PM (IST)
ਪੰਚਕੂਲਾ (ਮੁਕੇਸ਼) : ਸ਼ਹਿਰ ਵਿਚ ਹੋਈ ਦਿਲ ਦਹਿਲਾ ਦੇਣ ਵਾਲੀ ਕਤਲਾਂ ਦੋ ਵੱਖ-ਵੱਖ ਮਾਮਲਿਆਂ ਵਿਚ ਇਕ ਹੀ ਥਾਣੇ ਵਿਚ ਦਰਜ ਦੋਵੇਂ ਐੱਫ. ਆਈ. ਆਰਜ਼ ਨੂੰ ਪੁਲਸ ਨੇ ਅਨਟ੍ਰੇਸ ਭੇਜ ਦਿੱਤਾ ਹੈ। ਇਹ ਦੋਵੇਂ ਹੀ ਐੱਫ. ਆਈ. ਆਰਜ਼ ਪੰਚਕੂਲਾ ਦੇ ਸੈਕਟਰ-5 ਸਥਿਤ ਪੁਲਸ ਥਾਣੇ ਵਿਚ ਦਰਜ ਕੀਤੀਆਂ ਗਈਆਂ ਸਨ। ਦੋਵਾਂ ਮਾਮਲਿਆਂ ਵਿਚ ਘਰ ਦੇ ਮੁਖੀ ਨੇ ਹੀ ਆਪਣੀ ਪਤਨੀ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਬਾਅਦ ਵਿਚ ਖੁਦ ਵੀ ਜਾਨ ਦੇ ਦਿੱਤੀ ਸੀ। ਪੁਲਸ ਨੇ ਦੋਵਾਂ ਹੀ ਮਾਮਲਿਆਂ ਵਿਚ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਘਰ ਦੇ ਮੁਖੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਪੁਲਸ ਜਾਂਚ ਵਿਚ ਦੋਵੇਂ ਹੀ ਸਨਸਨੀਖੇਜ਼ ਹੱਤਿਆਵਾਂ ਦੇ ਮਾਮਲਿਆਂ ਦੀ ਜਾਂਚ ਵਿਚ ਹੱਤਿਆ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ, ਦੂਸਰਾ ਜਿਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਖੁਦ ਵੀ ਖਤਮ ਹੋ ਗਿਆ। ਅਜਿਹੇ ਵਿਚ ਜਾਂਚ ਅੱਗੇ ਨਹੀਂ ਵਧ ਸਕੀ ਤੇ ਪੁਲਸ ਨੂੰ ਮਾਮਲੇ ਅਨਟ੍ਰੇਸ ਭੇਜਣੇ ਪਏ।
ਪਹਿਲਾ ਮਾਮਲਾ
ਅਗਸਤ 2014 ਵਿਚ ਕਰਜ਼ੇ ਕਾਰਨ ਘਰੇਲੂ ਮੁਸ਼ਕਿਲਾਂ ਵਧਣ ਕਾਰਨ ਸੈਕਟਰ-9 ਦੀ ਕੋਠੀ ਨੰਬਰ 264 ਵਿਚ ਕਿਰਾਏ 'ਤੇ ਰਹਿਣ ਵਾਲੇ ਵਿਨੋਦ ਮਿੱਤਲ (45) ਨੇ ਤੇਜ਼ਧਾਰ ਚਾਕੂ ਨਾਲ ਆਪਣੀ ਪਤਨੀ ਨੀਲਮ, 9 ਸਾਲਾ ਛੋਟੇ ਬੇਟੇ ਰੋਹਿਤ ਤੇ 12 ਸਾਲਾ ਬੇਟੇ ਪ੍ਰਥਮ ਦਾ ਬੇਰਹਿਮੀ ਨਾਲ ਗਲਾ ਕੱਟ ਦਿੱਤਾ। ਉਸ ਦਿਨ ਤਿਉਹਾਰ ਕਾਰਨ ਵਿਨੋਦ ਦਾ ਛੋਟਾ ਭਰਾ ਅਨਿਲ ਆਪਣੀ ਪਤਨੀ ਤੇ ਬੇਟੀ ਨਾਲ ਕੋਠੀ ਵਿਚ ਆਇਆ ਸੀ। ਅਨਿਲ ਨੇ ਦਰਵਾਜ਼ਾ ਖੜਕਾਇਆ, ਕਾਫੀ ਸਮੇਂ ਤਕ ਕੋਈ ਅੰਦਰੋਂ ਦਰਵਾਜ਼ਾ ਖੋਲ੍ਹਣ ਨਹੀਂ ਆਇਆ। ਥੋੜ੍ਹੀ ਦੇਰ ਬਾਅਦ ਹਿੰਮਤ ਜੁਟਾ ਕੇ ਪ੍ਰਥਮ ਨੇ ਕਿਸੇ ਤਰ੍ਹਾਂ ਕੁੰਡੀ ਖੋਲ੍ਹੀ ਤੇ ਆਪਣੇ ਚਾਚੇ ਨੂੰ ਦੇਖਦਿਆਂ ਹੀ ਉਹ ਬੇਹੋਸ਼ ਹੋ ਕੇ ਡਿਗ ਪਿਆ। ਪ੍ਰਥਮ ਦੇ ਹੱਥ ਤੇ ਗਲੇ 'ਤੇ ਡੂੰਘੇ ਜ਼ਖਮ ਸਨ। ਇਸ ਘਟਨਾ ਵਿਚ ਨੀਲਮ ਤੇ ਉਸ ਦੇ ਛੋਟੇ ਬੇਟੇ ਰੋਹਿਤ ਦੀ ਮੌਤ ਹੋ ਗਈ ਸੀ, ਜਦਕਿ ਪ੍ਰਥਮ ਦਾ ਇਲਾਜ ਪੀ. ਜੀ. ਆਈ. ਵਿਚ ਚੱਲਿਆ ਤੇ ਉਹ ਠੀਕ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਨੋਦ ਨੇ ਵੀ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕਸ਼ੀ ਕਰ ਲਈ ਸੀ। ਪੁਲਸ ਨੇ ਵਿਨੋਦ ਖਿਲਾਫ ਹੱਤਿਆ ਦੀ ਧਾਰਾ ਤਹਿਤ ਐੱਫ. ਆਈ. ਆਰ. ਦਰਜ ਕੀਤੀ ਸੀ।
ਦੂਜਾ ਮਾਮਲਾ
ਅਗਸਤ 2015 ਵਿਚ ਪੰਚਕੂਲਾ ਦੇ ਸੈਕਟਰ-12 ਸਥਿਤ ਪਿੰਡ ਰੈਲਾ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ 32 ਸਾਲਾ ਨੀਰਜ ਕੁਮਾਰ ਨੇ ਅੱਧੀ ਰਾਤ ਨੂੰ ਆਪਣੀਆਂ ਤਿੰਨ ਮਾਸੂਮ ਬੱਚੀਆਂ ਨਵਿਤਾ (6), ਸਰਿਤਾ ਉਰਫ ਬਿੱਟੀ (3) ਤੇ 7 ਮਹੀਨੇ ਦੀ ਅੰਜਲੀ ਸਮੇਤ ਆਪਣੀ ਪਤਨੀ ਰਾਜ ਕੁਮਾਰੀ (28) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ। ਸ਼ਰਾਬ ਦੇ ਨਸ਼ੇ ਵਿਚ ਤਿੰਨ ਬੇਟੀਆਂ ਤੇ ਪਤਨੀ ਦੀ ਹੱਤਿਆ ਤੋਂ ਬਾਅਦ ਖੁਦ ਵੀ ਰੌਸ਼ਨਦਾਨ ਨਾਲ ਫਾਹਾ ਲਾ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਵਾਰਦਾਤ ਵਾਲੀ ਰਾਤ ਦੋ ਵਾਰ ਬਿਜਲੀ ਚਲੀ ਗਈ ਸੀ, ਜਿਸ ਕਾਰਨ ਨੀਰਜ ਤੇ ਉਸ ਦੀ ਪਤਨੀ ਰਾਤ 12 ਵਜੇ ਤਕ ਤਾਂ ਜਾਗ ਹੀ ਰਹੇ ਸਨ। ਦੇਰ ਰਾਤ ਤਕ ਦੋਵਾਂ ਨੇ ਗੁਆਂਢੀਆਂ ਨਾਲ ਗੱਲਾਂ ਵੀ ਕੀਤੀਆਂ ਸੀ ਪਰ ਕਿਸੇ ਨੇ ਅੰਦਾਜ਼ਾ ਵੀ ਨਹੀਂ ਸੀ ਲਾਇਆ ਕਿ ਸਵੇਰ ਤਕ ਪੂਰਾ ਪਰਿਵਾਰ ਇੰਝ ਖਤਮ ਹੋ ਜਾਵੇਗਾ। ਪੁਲਸ ਨੇ ਨੀਰਜ ਖਿਲਾਫ ਹੱਤਿਆ ਦੀ ਐੱਫ. ਆਈ. ਆਰ. ਦਰਜ ਕੀਤੀ ਸੀ।
