ਪੁਲਸ ਦੀ ਵਰਦੀ ਪਾ ਕੇ ਆਸ਼ਰਮ ’ਚ ਆਏ ਲੁਟੇਰੇ, ਸੇਵਾਦਾਰ ਨੇ ਚਲਾਈਆਂ ਗੋਲ਼ੀਆਂ

Wednesday, Jul 27, 2022 - 04:35 PM (IST)

ਪੁਲਸ ਦੀ ਵਰਦੀ ਪਾ ਕੇ ਆਸ਼ਰਮ ’ਚ ਆਏ ਲੁਟੇਰੇ, ਸੇਵਾਦਾਰ ਨੇ ਚਲਾਈਆਂ ਗੋਲ਼ੀਆਂ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਪੁਲਸ ਵਰਦੀ ਵਿਚ ਪੁੱਜੇ 8 ਲੁਟੇਰਿਆਂ ਨੇ ਡੇਰੇ ਦੇ ਸੇਵਾਦਾਰਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਤੋਂ ਨਗਦੀ ਖੋਹ ਲਈ, ਜਦੋਂ ਡੇਰਾ ਸ਼ਰਧਾਲੂ ਨੇ ਹਵਾਈ ਫਾਇਰ ਕੀਤੇ ਤਾਂ ਲੁਟੇਰੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਪੁਲਸ ਕੋਲ ਸੁੰਦਰ ਦਾਸ ਵਾਸੀ ਵਿਵੇਕ ਆਸ਼ਰਮ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਏ ਕਿ ਬੀਤੀ ਰਾਤ ਆਸ਼ਰਮ ਦੇ ਬਾਹਰ 3-4 ਅਣਪਛਾਤੇ ਵਿਅਕਤੀ ਜਾਲੀ ਵਾਲਾ ਗੇਟ ਭੰਨ ਰਹੇ ਸਨ ਤਾਂ ਮੈਂ ਆਪਣੀ ਲਾਇਸੰਸੀ ਰਾਈਫਲ ਨਾਲ ਜਾਲੀ ਵਾਲੇ ਗੇਟ ਵੱਲ ਦੋ ਫਾਇਰ ਕੀਤੇ ਤਾਂ ਇਹ ਵਿਅਕਤੀ ਕੰਧ ਟੱਪ ਕੇ ਮੇਨ ਰੋਡ ਵੱਲ ਭੱਜਣ ਲੱਗੇ ਤਾਂ ਫਿਰ ਮੈਂ ਦੋ ਹਵਾਈ ਫਾਇਰ ਕੀਤੇ ਤਾਂ ਆਸ਼ਰਮ ਦੀ ਗੈਲਰੀ ਵਿਚ ਖੂਨ ਅਤੇ ਇਕ ਵਿਅਕਤੀ ਦੀ ਹੱਥੀ ਦੀ ਉਂਗਲ ਕੱਟੀ ਹੋਈ ਡਿੱਗੀ ਪਈ ਸੀ। ਇਸ ਦੌਰਾਨ ਕਮਰਿਆਂ ਵਿਚ ਪਏ ਸੇਵਾਦਾਰਾਂ ਨੇ ਆ ਕੇ ਦੱਸਿਆ ਕਿ ਜਦੋਂ ਅਸੀਂ ਸੁੱਤੇ ਪਏ ਸੀ ਤਾਂ 7-8 ਵਿਅਕਤੀ ਆਏ।

ਉਕਤ ਵਿਚੋਂ 4 ਵਿਅਕਤੀਆਂ ਨੇ ਪੁਲਸ ਦੀ ਵਰਦੀ ਪਹਿਨੀ ਹੋਈ ਸੀ ਅਤੇ ਚਾਰ ਵਿਅਕਤੀਆਂ ਦੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਜਿਨ੍ਹਾਂ ਨੇ ਸਾਨੂੰ ਬੰਨ੍ਹ ਲਿਆ। ਕੁੱਟਮਾਰ ਕੀਤੀ ਅਤੇ 2000 ਰੁਪਏ ਦੀ ਨਗਦੀ ਖੋਹ ਲਈ। ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਅੱਠ ਲੁਟੇਰਿਆਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜੇਕਰ ਕੋਈ ਜ਼ਖਮੀ ਵਿਅਕਤੀ ਹਸਪਤਾਲ ਵਿਚ ਦਾਖਲ ਹੁੰਦਾ ਹੈ ਤਾਂ ਦਿੱਤੀ ਜਾਵੇ ਪੁਲਸ ਨੂੰ ਸੂਚਨਾ

ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ ਗੁਰਤਾਰ ਸਿੰਘ ਨੇ ਕਿਹਾ ਕਿ ਇਕ ਲੁਟੇਰੇ ਦੀ ਉਂਗਲ ਇਸ ਵਾਰਦਾਤ ਦੌਰਾਨ ਵਿਚ ਕੱਟੀ ਗਈ ਸੀ, ਜੇਕਰ ਕੋਈ ਵੀ ਕੱਟੀ ਹੋਈ ਉਂਗਲ ਵਾਲਾ ਵਿਅਕਤੀ ਇਲਾਜ ਲਈ ਹਸਪਤਾਲ ਵਿਚ ਆਉਂਦਾ ਹੈ ਤਾਂ ਹਸਪਤਾਲ ਦੇ ਪ੍ਰਬੰਧਕਾਂ ਅਤੇ ਹੋਰ ਵਿਅਕਤੀਆਂ ਨੂੰ ਇਸਦੀ ਤੁਰੰਤ ਸੂਚਨਾ ਪੁਲਸ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਲੁਟੇਰਿਆਂ ਨੂੰ ਕਾਬੂ ਕੀਤਾ ਜਾ ਸਕੇ।


author

Gurminder Singh

Content Editor

Related News