ਨੌਕਰੀ ਦਿਵਾਉਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ ''ਤੇ ਕਾਰਵਾਈ ਕਰੇ ਪੁਲਸ : ਪੀੜਤ

Sunday, Oct 29, 2017 - 01:56 AM (IST)

ਹੁਸ਼ਿਆਰਪੁਰ,  (ਜ.ਬ.)-  ਸੁਭਾਸ਼ ਨਗਰ ਦੇ ਰਹਿਣ ਵਾਲੇ ਲਖਵੀਰ ਸਿੰਘ ਨੇ ਪੁਲਸ 'ਤੇ ਦੋਸ਼ ਲਾਇਆ ਹੈ ਕਿ ਸ਼ਿਕਾਇਤ ਕਰਨ ਤੋਂ ਬਾਅਦ ਵੀ ਉਹ ਨੌਕਰੀ ਦਿਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਦੋਸ਼ੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਵੀਰ ਸਿੰਘ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ 'ਚ ਦੇਰੀ ਕੀਤੀ ਗਈ ਤਾਂ ਉਹ ਪੁਲਸ ਥਾਣੇ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕਰ ਦੇਵੇਗਾ। 
ਕੀ ਹੈ ਮਾਮਲਾ : ਪੀੜਤ ਬੇਰੋਜ਼ਗਾਰ ਲਖਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਹੁਸ਼ਿਆਰਪੁਰ ਦੇ ਗੋਕਲ ਨਗਰ ਦਾ ਇਕ ਵਿਅਕਤੀ ਮਿਲਿਆ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੁਲਾਜ਼ਮ ਹੈ। ਉਸ ਨੇ ਕਿਹਾ ਕਿ ਉਹ ਉਸ ਨੂੰ ਬੋਰਡ ਵਿਚ ਨੌਕਰੀ ਦਿਵਾ ਦੇਵੇਗਾ ਪਰ ਇਸ ਲਈ ਉੱਚ ਅਧਿਕਾਰੀਆਂ ਨੂੰ ਖੁਸ਼ ਕਰਨਾ ਪਵੇਗਾ। ਉਸ ਨੇ 1 ਲੱਖ 40 ਹਜ਼ਾਰ ਰੁਪਏ ਦੇਣ ਦੀ ਗੱਲ ਕਰ ਕੇ ਪੇਸ਼ਗੀ ਵਜੋਂ 10 ਹਜ਼ਾਰ ਰੁਪਏ ਅਤੇ ਉਸ ਦੇ ਸਕੂਲ ਤੇ ਸਪੋਰਟਸ ਨਾਲ ਸਬੰਧਤ ਸਰਟੀਫਿਕੇਟ ਲੈ ਲਏ। ਇਸ ਤੋਂ ਬਾਅਦ ਦੋਸ਼ੀ ਨੇ ਹੌਲੀ-ਹੌਲੀ ਉਸ ਕੋਲੋਂ 20 ਹਜ਼ਾਰ ਰੁਪਏ ਹੋਰ ਲੈ ਲਏ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਕਤ ਦੋਸ਼ੀ ਨੂੰ ਵਿਭਾਗ ਨੇ ਕੁਝ ਕਾਰਨਾਂ ਕਰ ਕੇ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ। ਲਖਵੀਰ ਸਿੰਘ ਅਨੁਸਾਰ ਦੋਸ਼ੀ ਹੋਰ ਵੀ ਕਈ ਵਿਅਕਤੀਆਂ ਕੋਲੋਂ ਨੌਕਰੀ ਦਿਵਾਉਣ ਦੇ ਨਾਂ 'ਤੇ ਪੈਸੇ ਹੜੱਪ ਚੁੱਕਾ ਹੈ।


Related News