ਨਾਬਾਲਗ ਦੇ ਗੁਪਤ ਅੰਗ ''ਚ ਪੁਲਸ ਨੇ ਪੈਟਰੋਲ ਪਾਇਆ, ਬੱਚੇ ਦੀ ਮਾਂ ਨੇ ਮੰਗਿਆ ਇਨਸਾਫ
Saturday, Dec 09, 2017 - 07:01 AM (IST)
ਬਠਿੰਡਾ (ਸੁਖਵਿੰਦਰ) - ਲੋਕ ਗਾਇਕ ਅਵਤਾਰ ਚਮਕ ਦੇ ਨਾਬਾਲਗ ਪੁੱਤਰ ਦੇ ਗੁਪਤ ਅੰਗ 'ਚ ਪੈਟਰੋਲ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਕੋਤਵਾਲੀ ਪੁਲਸ 'ਤੇ ਲੱਗ ਰਹੇ ਹਨ। ਬੱਚੇ ਦੀ ਮਾਂ ਨੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਝੰਡਾ ਚੁੱਕ ਲਿਆ ਹੈ, ਜਦਕਿ ਬੀਤੇ ਦਿਨ ਅਵਤਾਰ ਚਮਕ ਵੀ ਆਪਣੇ ਪੁੱਤਰ ਦਾ ਪਤਾ ਲੈ ਕੇ ਪਰਤ ਗਿਆ ਸੀ। ਲੋਕ ਗਾਇਕ ਅਵਤਾਰ ਚਮਕ ਦੀ ਪਤਨੀ ਅਮਨਦੀਪ ਕੌਰ ਵਾਸੀ ਗਲੀ ਨੰ. 22 ਫੌਜੀ ਚੌਕ ਬਠਿੰਡਾ ਅਤੇ ਇਨ੍ਹਾਂ ਦੇ ਪੁੱਤਰ ਲਖਵਿੰਦਰ ਸਿੰਘ (12) ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਘਰੋਂ ਖੇਡਣ ਲਈ ਨੇੜਲੀ ਗਲੀ ਮਾਤਾ ਰਾਣੀ ਵਿਚ ਗਿਆ ਸੀ। ਇਸ ਦੌਰਾਨ ਉਹ ਪਤੰਗ ਲੁੱਟਣ ਖਾਤਰ ਇਕ ਮਕਾਨ ਦੀ ਛੱਤ 'ਤੇ ਚੜ੍ਹ ਗਿਆ, ਜਿਥੇ ਅਕਸਰ ਬੱਚੇ ਖੇਡਦੇ ਰਹਿੰਦੇ ਹਨ। ਇਥੇ ਹੀ ਮਕਾਨ ਮਾਲਕ ਨੇ ਉਸ ਨੂੰ ਫੜ ਲਿਆ ਤੇ ਚੋਰੀ ਕਰਨ ਦਾ ਦੋਸ਼ ਲਾਇਆ। ਮੌਕੇ 'ਤੇ ਦਰਜਨਾਂ ਲੋਕ ਇਕੱਤਰ ਹੋ ਗਏ, ਜਿਨ੍ਹਾਂ ਵਲੋਂ ਉਸ ਦੀ ਭਾਰੀ ਕੁੱਟਮਾਰ ਕੀਤੀ ਗਈ।
ਮਕਾਨ ਮਾਲਕ ਲਖਵਿੰਦਰ ਸਿੰਘ ਨੂੰ ਕਹਿ ਰਿਹਾ ਸੀ ਕਿ ਉਹ ਕੁਝ ਦੁਕਾਨਦਾਰਾਂ ਦੇ ਨਾਂ ਲੈ ਦੇਵੇ ਕਿ ਉਨ੍ਹਾਂ ਨੇ ਹੀ ਉਸ ਨੂੰ ਚੋਰੀ ਕਰਨ ਲਈ ਭੇਜਿਆ ਹੈ ਪਰ ਉਹ ਨਹੀਂ ਮੰਨਿਆ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ, ਜੋ ਉਸ ਨੂੰ ਥਾਣੇ ਵਿਚ ਲੈ ਗਈ। ਥਾਣੇ ਵਿਚ ਪੁਲਸ ਮੁਲਾਜ਼ਮ ਉਸ ਨੂੰ ਮਕਾਨ ਮਾਲਕ ਅਨੁਸਾਰ ਬਿਆਨ ਦੇਣ ਲਈ ਮਨਾਉਂਦੇ ਰਹੇ ਪਰ ਉਹ ਨਹੀਂ ਮੰਨਿਆ। ਇਸ ਦੌਰਾਨ ਉਸ ਦੀ ਅਣਮਨੁੱਖੀ ਢੰਗ ਨਾਲ ਕੁੱਟਮਾਰ ਕੀਤੀ ਗਈ। ਇਥੋਂ ਤੱਕ ਕਿ ਉਸ ਦੇ ਗੁਪਤ ਅੰਗ 'ਚ ਪੈਟਰੋਲ ਵੀ ਪਾਇਆ ਗਿਆ।
ਅਮਨਦੀਪ ਕੌਰ ਦਾ ਕਹਿਣਾ ਹੈ ਕਿ ਕੋਤਵਾਲੀ ਦੇ ਇਕ ਅਧਿਕਾਰੀ ਨੇ ਉਸ ਦੇ ਪੁੱਤਰ ਨੂੰ ਛੱਡਣ ਲਈ 15 ਹਜ਼ਾਰ ਰੁਪਏ ਮੰਗੇ ਪਰ 12000 ਰੁਪਏ 'ਚ ਸਮਝੌਤਾ ਹੋਇਆ। ਉਸ ਨੇ 5000 ਰੁਪਏ ਦੇ ਕੇ ਆਪਣੇ ਪੁੱਤਰ ਨੂੰ ਛੁਡਵਾ ਲਿਆ। ਬਕਾਇਆ ਪੈਸੇ ਬਾਅਦ ਵਿਚ ਦੇਣ ਦੀ ਗੱਲ ਕਹੀ ਗਈ। ਫਿਰ ਉਹ ਵਿਜੀਲੈਂਸ ਅਧਿਕਾਰੀਆਂ ਕੋਲ ਵੀ ਗਈ ਤਾਂ ਕਿ ਉਨ੍ਹਾਂ ਨੂੰ ਰਿਸ਼ਵਤ ਦੇ ਦੋਸ਼ 'ਚ ਫੜਾਇਆ ਜਾਵੇ ਪਰ ਉਸ ਦੀ ਸੁਣਵਾਈ ਨਹੀਂ ਹੋਈ, ਬਲਕਿ ਉਸ ਨੂੰ ਪੁਲਸ ਦੇ ਹੀ ਇਕ ਵੱਡੇ ਅਧਿਕਾਰੀ ਕੋਲ ਭੇਜ ਦਿੱਤਾ ਗਿਆ ਪਰ ਉਸ ਦੀ ਸੁਣਵਾਈ ਫਿਰ ਵੀ ਨਾ ਹੋ ਸਕੀ। ਉਹ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੀ ਹੈ ਕਿ ਉਸ ਦੇ ਪੁੱਤਰ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਕਤ ਪੁਲਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਅਵਤਾਰ ਚਮਕ ਅਤੇ ਅਮਨਦੀਪ ਕੌਰ ਵਿਚਕਾਰ ਘਰੇਲੂ ਵਿਵਾਦ ਚੱਲ ਰਿਹਾ ਹੈ ਤੇ ਇਹ ਦੋਵੇਂ ਕਈ ਸਾਲਾਂ ਤੋਂ ਵੱਖ-ਵੱਖ ਰਹਿੰਦੇ ਹਨ, ਜਦਕਿ ਲਖਵਿੰਦਰ ਸਿੰਘ ਆਪਣੀ ਮਾਂ ਨਾਲ ਬਠਿੰਡਾ 'ਚ ਰਹਿ ਰਿਹਾ ਹੈ। ਉਕਤ ਘਟਨਾ ਤੋਂ ਬਾਅਦ ਅਵਤਾਰ ਚਮਕ ਬੱਚੇ ਦਾ ਪਤਾ ਲੈਣ ਪੁੱਜਾ ਤੇ ਪਰਤ ਗਿਆ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਥਾਣਾ ਮੁਖੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਕਤ ਬੱਚਾ ਚੋਰੀ ਦੇ ਕੇਸ 'ਚ ਫੜਿਆ ਗਿਆ ਸੀ। ਉਸ ਤੋਂ ਬਾਅਦ ਦੋਵੇਂ ਧਿਰਾਂ ਦਾ ਸਮਝੌਤਾ ਹੋ ਗਿਆ ਤੇ ਬੱਚੇ ਨੂੰ ਛੱਡ ਦਿੱਤਾ ਗਿਆ। ਫਿਰ ਬੱਚੇ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ, ਜਦਕਿ ਪੁਲਸ 'ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਰਿਪੋਰਟ 'ਚ ਸੱਟ ਜਾਂ ਗੁਪਤ ਅੰਗ 'ਚ ਪੈਟਰੋਲ ਪਾਉਣ ਆਦਿ ਜਿਹੇ ਕੋਈ ਨਿਸ਼ਾਨ ਨਹੀਂ ਆ ਰਹੇ। ਮਾਮਲਾ ਪੂਰੀ ਤਰ੍ਹਾਂ ਝੂਠਾ ਤੇ ਬੇਬੁਨਿਆਦ ਹੈ।
