ਬੱਸ ਦਾ ਨੰਬਰ ਬਦਲਣ ਕਾਰਨ ਲਾਸ਼ ਥਾਣੇ ਅੱਗੇ ਰੱਖ ਕੇ ਪੀਡ਼ਤ ਪਰਿਵਾਰ ਵਲੋਂ ਰੋਸ ਮੁਜ਼ਾਹਰਾ

08/21/2018 6:14:53 AM

 ਆਦਮਪੁਰ,   (ਦਿਲਬਾਗੀ, ਕਮਲਜੀਤ, ਚਾਂਦ)-  ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਸਫੀਪੁਰ ਵਿਚ ਇਕ ਪ੍ਰਾਈਵੇਟ ਸਕੂਲ ਦੀ ਬੱਸ  ਨੇ 7ਵੀਂ ਕਲਾਸ ਦੀ ਵਿਦਿਆਰਥਣ ਨੂੰ ਟੱਕਰ ਮਾਰ  ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਸਫੀਪੁਰ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਪਰਮਦਿਆਲ ਪਬਲਿਕ ਸਕੂਲ਼ ਸ਼ਾਮਚੁਰਾਸੀ ਦੀ ਬੱਸ ਨੰਬਰ ਪੀ.ਬੀ. 07 ਏ.ਐਸ. 8987 ਨੇ 7ਵੀਂ ਕਲਾਸ ਦੀ ਵਿਦਿਆਰਥਣ ਰਚਨਾ ਗਿੱਲ ਪੁੱਤਰੀ ਪਰਮਜੀਤ ਗਿੱਲ ਵਾਸੀ ਸਫੀਪੁਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਇਸਦੀ ਰਿਪੋਰਟ ਥਾਣਾ ਆਦਮਪੁਰ ਵਿਖੇ ਦਰਜ ਕਰਵਾਈ ਗਈ। ਦਰਜ ਕਰਵਾਈ ਰਿਪੋਰਟ ਦੀ ਕਾਪੀ ਲਈ ਗਈ ਤਾਂ ਸਾਰੇ ਇਕਦਮ ਹੈਰਾਨ ਹੋ ਗਏ ਕਿ ਏ. ਐੱਸ. ਆਈ. ਜੰਗ ਬਹਾਦਰ ਨੇ ਹਾਦਸੇ  ਵਾਲੀ ਬੱਸ ਦਾ ਨੰਬਰ ਹੀ ਬਦਲ ਦਿੱਤਾ, ਜਦ ਕਿ ਹਾਦਸੇ ਵਾਲੀ ਬੱਸ ਦਾ ਨੰਬਰ ਪੀ. ਬੀ. 07 ਏ. ਐੱਸ. 8987 ਸੀ ਤੇ ਏ. ਐੱਸ. ਆਈ. ਨੇ ਮਿਲੀਭੁਗਤ ਨਾਲ ਬੱਸ ਨੰਬਰ  ਪੀ. ਬੀ. 07 ਏ. ਐੱਸ. 8986 ਕਟਿੰਗ ਕਰ ਕੇ ਲਿਖ ਦਿੱਤਾ। ਇਸ ਵਿਰੁੱਧ ਰੋਸ ਕਰਨ ’ਤੇ ਅਡੀਸ਼ਨਲ ਐੱਸ. ਐੱਚ. ਓ. ਗਿਆਨ ਸਿੰਘ ਨੇ ਇਸ ਨੂੰ ਠੀਕ ਕਰਵਾ ਕੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਵਾਇਆ ਪਰ ਪਿੰਡ ਵਾਸੀ ਇਸ ਨਾਲ ਸ਼ਾਂਤ ਨਾ ਹੋਏ ਤੇ ਉਨ੍ਹਾਂ ਨੇ ਏ.ਐੱਸ.ਆਈ. ਜੰਗ ਬਹਾਦਰ ਨੂੰ ਮੁਅੱਤਲ ਕਰਨ ਦੀ ਮੰਗ ਰੱਖੀ ਜਿਸ ’ਤੇ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਏ.ਐੱਸ.ਆਈ. ਜੰਗ ਬਹਾਦਰ ਨੂੰ ਮੁਅੱਤਲ ਕਰ ਦਿੱਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਡੀ.ਐੱਸ.ਪੀ. ਆਦਮਪੁਰ ਸੁਰਿੰਦਰ ਕੁਮਾਰ, ਐੱਸ.ਐੱਚ.ਓ. ਆਦਮਪੁਰ ਜੋਗੇਸ਼ਵਰ ਸਿੰਘ (ਪੀ.ਪੀ.ਐੱਸ.) ਨੇ  ਮੁਅੱਤਲ ਕਰਨ ਦੀ ਸੂਚਨਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਵਾਇਆ। ਇਸ ਤੋਂ ਬਾਅਦ ਪੀਡ਼ਤ ਪਰਿਵਾਰ ਵਲੋਂ ਲਡ਼ਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 
 


Related News