ਥਾਣੇ ’ਚ ਤਲਖ ਹੋਏ ਜਵਾਈ ਦੇ ਤਿੱਖੇ ਬੋਲ ਨਾ ਸਹਾਰ ਸਕਿਆ ਸਹੁਰਾ, ਮਿੰਟਾਂ ’ਚ ਵਾਪਰ ਗਈ ਅਣਹੋਣੀ

Tuesday, May 02, 2023 - 06:35 PM (IST)

ਮਲੋਟ (ਜੁਨੇਜਾ) : ਥਾਣਾ ਕਬਰਵਾਲਾ ਵਿਖੇ ਵਾਪਰੀ ਮੰਦਭਾਗੀ ਘਟਨਾ ਕਾਰਨ ਇਕ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਰਾਜਬੀਰ ਸਿੰਘ (55) ਦੇ ਪੁੱਤਰ ਗੁਰਜੰਟ ਸਿੰਘ ਅਤੇ ਭਤੀਜੇ ਅੰਮ੍ਰਿਤਪਾਲ ਸਿੰਘ ਵਾਸੀ ਕੱਟਿਆਂਵਾਲੀ ਨੇ ਦੱਸਿਆ ਕਿ ਉਸਦੀ ਭੈਣ ਅਮਨਦੀਪ ਕੌਰ ਦਾ ਵਿਆਹ 11 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਫਤਿਹਪੁਰ ਮੰਨੀਆਂ ਨਾਲ ਹੋਇਆ ਸੀ। ਉਸਦੀ ਭੈਣ ਅਮਨਦੀਪ ਕੌਰ ਦੇ ਕੋਈ ਬੱਚਾ ਨਹੀਂ ਹੋਇਆ, ਜਿਸ ਕਰਕੇ ਉਸਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਤਾਅਨੇ ਮਿਹਣੇ ਦਿੰਦੇ ਸਨ। ਇਸ ਤੋਂ ਇਲਾਵਾ ਉਸਦੇ ਸਹੁਰੇ ਪਰਿਵਾਰ ਵਾਲੇ ਦਾਜ ਲਈ ਤੰਗ ਕਰਦੇ ਸਨ, ਜਿਸ ਕਰਕੇ ਕਈ ਵਾਰ ਪੰਚਾਇਤਾਂ ਹੋਈਆਂ ਪਰ ਉਹ ਲੜਕੀ ਦੀ ਹਰ ਵਾਰ ਕੁੱਟਮਾਰ ਕਰਦੇ ਅਤੇ ਵਾਪਸ ਪੇਕੇ ਭੇਜ ਦਿੰਦੇ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦਾ ਖ਼ੌਫਨਾਕ ਅੰਜਾਮ, ਪ੍ਰੇਮਿਕਾ ਨੇ ਦਿੱਤੀ ਅਜਿਹੀ ਮੌਤ ਕਿ ਸੁਣ ਕੰਬ ਜਾਵੇ ਰੂਹ

ਅਮਨਦੀਪ ਕੌਰ ਹੁਣ ਵੀ 6 ਮਹੀਨੇ ਤੋਂ ਪੇਕੇ ਬੈਠੀ ਸੀ ਪਰ ਪਰਿਵਾਰ ਵਾਲੇ ਪੰਚਾਇਤ ਰਾਹੀਂ 15 ਦਿਨ ਪਹਿਲਾਂ ਲੜਕੀ ਨੂੰ ਉਸਦੇ ਸਹੁਰੇ ਫਤਿਹਪੁਰ ਮੰਨੀਆਂ ਛੱਡ ਆਏ ਪਰ 4-5 ਦਿਨ ਪਹਿਲਾਂ ਉਸਦੇ ਪਰਿਵਾਰ ਨੇ ਕੁੱਟਮਾਰ ਕਰਕੇ ਫਿਰ ਵਾਪਸ ਪੇਕੇ ਭੇਜ ਦਿੱਤਾ। ਇਸ ਸਬੰਧੀ ਸੋਮਵਾਰ ਨੂੰ ਕਬਰਵਾਲਾ ਥਾਣੇ ਵਿਖੇ ਦੋਵਾਂ ਧਿਰਾਂ ਦੀਆਂ ਪੰਚਾਇਤਾਂ ਹੋਈਆਂ। ਇਸ ਮੌਕੇ ਪੁਲਸ ਅਫਸਰਾਂ ਦੇ ਸਾਹਮਣੇ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰੇ ਰਾਜਬੀਰ ਸਿੰਘ ਨੂੰ ਬੁਰਾ ਭਲਾ ਬੋਲਿਆ, ਜਿਸ ਕਰਕੇ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਫਿਰ ਵੀ ਰਾਜਬੀਰ ਸਿੰਘ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਪਹਿਲਾਂ ਮੌਤ ਹੋ ਚੁੱਕੀ ਸੀ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਸਬੰਧੀ ਥਾਣਾ ਕਬਰਵਾਲਾ ਦੇ ਮੁੱਖ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News