ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਦੀ ਪੁਲਸ ਨੂੰ ਤਾੜਨਾ, ਹੋਵੇਗਾ ਸਖਤ ਐਕਸ਼ਨ (ਵੀਡੀਓ)

06/16/2019 6:42:51 PM

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ 'ਚ ਕੁੱਝ ਦਿਨ ਪਹਿਲਾਂ ਜ਼ਿਲਾ ਪ੍ਰਸ਼ਾਸਨ ਤੇ ਐੱਸ. ਟੀ. ਐੱਫ. ਦੇ ਅਧਿਕਾਰੀਆਂ ਵੱਲੋਂ ਨਸ਼ੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ ਸੀ। ਜਿਥੇ ਮਾਡਰਨ ਪਲਾਜ਼ਾ ਇਲਾਕੇ ਦੇ ਲੋਕ ਪੁਲਸ ਖਿਲਾਫ ਹੀ ਜੰਮ ਕੇ ਬੋਲੇ ਅਤੇ ਨਸ਼ਾ ਸੌਦਾਗਰਾਂ ਨਾਲ ਪੁਲਸ ਦੀ ਮਿਲੀਭੁਗਤ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਸੈਮੀਨਾਰ ਦੌਰਾਨ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਲਤਾੜਿਆ ਅਤੇ ਸੁਧਰਨ ਦੀ ਨਸੀਅਤ ਦਿੱਤੀ। ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਕਿਹਾ ਕਿ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਸਾਡੇ ਪੁਲਸ ਵਿਭਾਗ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਹੈ।

ਐੱਸ. ਐੱਸ. ਪੀ. ਨੇ ਕਿਹਾ ਕਿ ਆਉਣ ਵਾਲੇ 3 ਦਿਨਾਂ 'ਚ ਉਹ ਆਪਣੇ ਜ਼ਿਲੇ ਦੇ ਅਧੀਨ ਆਉਂਦੇ ਸਾਰੇ ਪਿੰਡਾਂ 'ਚ ਖੁਦ ਜਾਣਗੇ ਅਤੇ ਨਸ਼ੇ ਦੀਆਂ ਕਾਲੀਆਂ ਭੇਡਾਂ ਨੂੰ ਫੜ ਕੇ ਜੇਲ ਦੇ ਅੰਦਰ ਦੇਣਗੇ। ਐੱਸ. ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ ਕਿ ਪੁਲਸ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੀ ਹੈ। ਐੱਸ. ਐੱਸ. ਪੀ. ਨੇ ਕਿਹਾ ਕਿ ਜੇਕਰ ਉਹ ਕੁਝ ਮਹੀਨੇ ਹੋਰ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਰਹਿੰਦੇ ਹਨ ਤਾਂ ਉਹ ਨਸ਼ੇ ਦੇ ਸੌਦਾਗਰਾਂ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨਗੇ। ਜੇਕਰ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨਾ ਹੈ ਤਾਂ ਐੱਸ. ਐੱਸ. ਪੀ. ਸੰਦੀਪ ਗੋਇਲ ਵਰਗੇ ਚੰਗੇ ਤੇ ਨੇਕ ਪੁਲਸ ਅਫਸਰਾਂ ਨੂੰ ਅੱਗੇ ਆ ਕੇ ਸਖਤੀ ਵਰਤਣੀ ਪਵੇਗੀ।


Gurminder Singh

Content Editor

Related News