ਖਾਣ-ਪੀਣ ਦਾ ਲਾਲਚ ਪਿਆ ਪੁਲਸ ਨੂੰ ਮਹਿੰਗਾ, ਪੇਸ਼ੀ ਮਗਰੋਂ 2 ਲੁਟੇਰੇ ਫਰਾਰ

06/16/2019 12:58:47 AM

ਅੰਮ੍ਰਿਤਸਰ(ਅਰੁਣ)— ਫਤਾਹਪੁਰ ਕੇਂਦਰੀ ਜੇਲ 'ਚ ਬੰਦ ਲੁਟੇਰੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰੀਕੇ ਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਸਰਵਣ ਸਿੰਘ ਵਾਸੀ ਰਿਸ਼ੀ ਵਿਹਾਰ ਮਜੀਠਾ ਰੋਡ ਜਿਨ੍ਹਾਂ ਨੂੰ ਜਲੰਧਰ ਕੋਰਟ 'ਚ ਪੇਸ਼ ਕਰਨ ਮਗਰੋਂ ਵੀਰਵਾਰ ਨੂੰ ਪੇਸ਼ੀ ਸੈੱਲ ਦੇ ਮੁਲਾਜ਼ਮ ਅੰਮ੍ਰਿਤਸਰ ਵਾਪਸ ਲੈ ਕੇ ਆਏ, ਇਹ ਮੁਲਾਜ਼ਮ ਦੋਵਾਂ ਲੁਟੇਰਿਆਂ ਨੂੰ ਵਾਪਸ ਕੇਂਦਰੀ ਜੇਲ ਲਿਜਾਣ ਦੀ ਬਜਾਏ ਇਕ ਲੁਟੇਰੇ ਹੈਪੀ ਵਾਸੀ ਰਿਸ਼ੀ ਵਿਹਾਰ ਦੇ ਘਰ ਲੈ ਗਏ। ਕਾਨੂੰਨ ਨੂੰ ਛਿੱਕੇ ਟੰਗਦਿਆਂ ਲੁਟੇਰੇ ਦੇ ਘਰ ਪੁੱਜੇ ਏ.ਐੱਸ.ਆਈ. ਕਰਮ ਸਿੰਘ ਨੰਬਰ 701 ਪੇਸ਼ੀ ਸੈੱਲ ਤਰਨਤਾਰਨ, ਹੈੱਡ ਕਾਂਸਟੇਬਲ ਰੇਸ਼ਮ ਸਿੰਘ ਸਮੇਤ ਸਾਰੇ ਮੁਲਾਜ਼ਮ ਖਾਣ-ਪੀਣ ਲੱਗ ਪਏ ਤੇ ਦੋਵੇਂ ਲੁਟੇਰੇ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਫਰਾਰ ਹੋ ਗਏ।

ਪੇਸ਼ੀ ਸੈੱਲ ਇੰਚਾਰਜ ਇੰਸਪੈਕਟਰ ਗੁਰਦਿਆਲ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਕੇਂਦਰੀ ਜੇਲ ਫਤਾਹਪੁਰ 'ਚ ਬੰਦ ਲੁਟੇਰੇ ਗੋਪੀ ਤੇ ਹੈਪੀ ਨੂੰ ਜਲੰਧਰ ਕੋਰਟ 'ਚ ਪੇਸ਼ ਕਰਨ ਲਈ ਪੇਸ਼ੀ ਸੈੱਲ ਤਰਨਤਾਰਨ ਦੇ ਏ.ਐੱਸ.ਆਈ. ਕਰਮ ਸਿੰਘ, ਹੈੱਡ ਕਾਂਸਟੇਬਲ ਪਰਮਜੀਤ ਸਿੰਘ ਨੰਬਰ 1230 ਤਰਨਤਾਰਨ, ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ 1501 ਤਰਨਤਾਰਨ, ਡਰਾਈਵਰ ਹੈੱਡ ਕਾਂਸਟੇਬਲ ਰੇਸ਼ਮ ਸਿੰਘ 669 ਤਰਨਤਾਰਨ ਪੇਸ਼ੀ ਸੈੱਲ ਨੂੰ ਸਰਕਾਰੀ ਟਾਟਾ ਸੂਮੋ ਗੱਡੀ ਨੰ. ਪੀਬੀ 12 ਜੀ 8637 ਰਾਹੀਂ ਜਲੰਧਰ ਭੇਜਿਆ ਗਿਆ ਸੀ। ਸਰਕਾਰੀ ਗੱਡੀ ਰਾਹੀਂ ਨਾ ਲਿਜਾ ਕੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਦੀ ਸਵਿਫਟ ਕਾਰ 'ਚ ਜਲੰਧਰ ਲਿਜਾਇਆ ਗਿਆ। ਪੇਸ਼ੀ ਮਗਰੋਂ ਇਹ ਸਾਰੇ ਮੁਲਾਜ਼ਮ ਰਿਸ਼ੀ ਵਿਹਾਰ ਸਥਿਤ ਹੈਪੀ ਲੁਟੇਰੇ ਦੀ ਕੋਠੀ 'ਚ ਚਲੇ ਗਏ। ਹੈਪੀ ਦੀ ਪਤਨੀ ਵੱਲੋਂ ਇਕ ਵੱਖਰੇ ਕਮਰੇ 'ਚ ਇਨ੍ਹਾਂ ਮੁਲਾਜ਼ਮਾਂ ਲਈ ਖਾਣਾ ਲਾ ਦਿੱਤਾ ਤੇ ਦੋਵੇਂ ਲੁਟੇਰੇ ਫਰਾਰ ਹੋ ਗਏ।

ਲੁਟੇਰਿਆਂ ਦੇ ਹਵਾ-ਹਵਾਈ ਹੋਣ ਦੀ ਖਬਰ ਸੁਣਦਿਆਂ ਹੀ ਜ਼ਿਲੇ ਦੀ ਪੁਲਸ 'ਚ ਹੜਕੰਪ ਮਚ ਗਿਆ। ਥਾਣਾ ਸਦਰ ਦੀ ਪੁਲਸ ਨੇ ਮੌਕੇ ਤੋਂ ਫਰਾਰ ਹੋਏ ਦੋਵਾਂ ਲੁਟੇਰਿਆਂ ਤੋਂ ਇਲਾਵਾ ਹੈਪੀ ਦੀ ਪਤਨੀ ਤੇ ਸਾਰੇ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਏ.ਐੱਸ.ਆਈ. ਕਰਮ ਸਿੰਘ, ਡਰਾਈਵਰ ਹੈੱਡ ਕਾਂਸਟੇਬਲ ਰੇਸ਼ਮ ਸਿੰਘ ਅਤੇ ਲੁਟੇਰੇ ਹੈਪੀ ਦੀ ਪਤਨੀ ਹਰਜੀਤ ਕੌਰ ਨੂੰ ਹਿਰਾਸਤ ਵਿਚ ਲੈ ਲਿਆ।

ਹਾਈਵੇ 'ਤੇ ਟਰੱਕ ਡਰਾਈਵਰਾਂ ਨੂੰ ਬਣਾਉਂਦੇ ਸਨ ਲੁੱਟ ਦਾ ਸ਼ਿਕਾਰ-ਪੁਲਸ ਸੂਤਰਾਂ ਮੁਤਾਬਕ ਫਰਾਰ ਹੋਏ ਦੋਵੇਂ ਲੁਟੇਰੇ ਹੈਪੀ ਤੇ ਗੋਪੀ, ਜੋ ਹਾਈਵੇ 'ਤੇ ਟਰੱਕ ਡਰਾਈਵਰਾਂ ਨੂੰ ਬੰਧਕ ਬਣਾਉਣ ਮਗਰੋਂ ਟਰੱਕ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਖਿਲਾਫ ਅੰਮ੍ਰਿਤਸਰ, ਜਲੰਧਰ, ਭੋਗਪੁਰ, ਤਰਨਤਾਰਨ, ਬਟਾਲਾ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮਾਮਲੇ ਦਰਜ ਹਨ।

ਲੁਟੇਰੇ ਪੇਸ਼ ਕਰਨ ਗਏ ਮੁਲਾਜ਼ਮਾਂ ਨੂੰ ਪੁਲਸ ਨੇ ਕੀਤਾ ਕੋਰਟ 'ਚ ਪੇਸ਼-ਜਲੰਧਰ ਕੋਰਟ 'ਚ ਦੋਵਾਂ ਲੁਟੇਰਿਆਂ ਨੂੰ ਪੇਸ਼ ਕਰਨ ਗਏ ਪੇਸ਼ੀ ਸੈੱਲ ਤਰਨਤਾਰਨ ਦੇ ਗ੍ਰਿਫਤਾਰ ਏ.ਐੱਸ.ਆਈ. ਤੇ ਹੈੱਡ ਕਾਂਸਟੇਬਲ ਰੇਸ਼ਮ ਸਿੰਘ ਨੂੰ ਹੁਣ ਥਾਣਾ ਸਦਰ ਦੀ ਪੁਲਸ ਨੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਤੇ ਅਦਾਲਤ ਵੱਲੋਂ ਇਨ੍ਹਾਂ ਮੁਲਾਜ਼ਮਾਂ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਖਾਣੇ ਦੇ ਲਾਲਚ ਤੇ ਆਓਭਗਤ ਦੀ ਇੱਛਾ ਇਨ੍ਹਾਂ ਮੁਲਾਜ਼ਮਾਂ ਨੂੰ ਇਸ ਕਦਰ ਮਹਿੰਗੀ ਪੈ ਗਈ ਕਿ ਜੇਲ ਦੀਆਂ ਸ਼ਲਾਖਾਂ ਦੇ ਪਿੱਛੇ ਜਾਣਾ ਪੈ ਗਿਆ।

ਜਲਦ ਗ੍ਰਿਫਤਾਰ ਹੋਣਗੇ ਦੋਵੇਂ ਲੁਟੇਰੇ ਅਤੇ ਬਾਕੀ ਮੁਲਾਜ਼ਮ : ਭੁੱਲਰ- ਡੀ.ਸੀ.ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਫਰਾਰ ਹੋਏ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਲਦ ਹੀ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਬਾਕੀ ਪੁਲਸ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।


Baljit Singh

Content Editor

Related News