ਪੁਲਸ ਨੇ ਪ੍ਰਾਚੀਨ ਸ਼ਿਵ ਮੰਦਰ ਪਾਰਕ ''ਚੋਂ ਹਟਾਏ ਨਾਜਾਇਜ਼ ਕਬਜ਼ੇ

Thursday, Mar 08, 2018 - 01:47 AM (IST)

ਕਲਾਨੌਰ,   (ਵਤਨ, ਮਨਮੋਹਨ)-  ਅੱਜ ਪ੍ਰਸ਼ਾਸਨ ਤੇ ਪੁਲਸ ਨੇ ਕਾਰਵਾਈ ਕਰਦਿਆਂ ਕਸਬੇ ਦੇ ਪ੍ਰਾਚੀਨ ਮੰਦਰ ਦੇ ਸਾਹਮਣੇ ਬਣੇ ਸ਼ਿਵ ਮੰਦਰ ਪਾਰਕ ਵਿਖੇ ਦਹਾਕਿਆਂ ਤੋਂ ਚੱਲੇ ਆ ਰਹੇ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਹੈ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਰਹੀ। ਕਸਬਾ ਕਲਾਨੌਰ 'ਚ ਅੱਜ ਉਸ ਵੇਲੇ ਤਨਾਅ ਦਾ ਮਾਹੌਲ ਬਣ ਗਿਆ ਜਦੋਂ ਪੁਲਸ ਦੇ ਉੱਚ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ ਵੱਡੀ ਪੁਲਸ ਫੋਰਸ ਨਾਲ ਸ਼ਿਵ ਮੰਦਰ ਪਾਰਕ ਪਹੁੰਚ ਗਏ। ਇਸ ਤੋਂ ਪਹਿਲਾਂ ਕਸਬੇ ਤੇ ਇਲਾਕੇ ਦੇ ਮੋਹਤਬਰਾਂ ਨੇ ਸ਼ਿਵ ਮੰਦਰ ਦੀ ਜਗ੍ਹਾ 'ਤੇ ਕਬਜ਼ਾ ਕਰ ਕੇ ਬੈਠੇ ਲੋਕਾਂ ਨੂੰ ਬੁਲਾ ਕੇ ਇਹ ਕਬਜ਼ੇ ਹਟਾਉਣ ਲਈ ਵੀ ਪ੍ਰੇਰਿਆ।
ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਜੇ. ਸੀ. ਬੀ. ਰਾਹੀਂ ਸ਼ਿਵ ਮੰਦਰ ਪਾਰਕ 'ਚ ਬਣੇ ਨਾਜਾਇਜ਼ ਕਬਜ਼ਾ ਧਾਰੀਆਂ ਦੇ ਕਬਜ਼ਿਆਂ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਤੇ ਮੌਕੇ 'ਤੇ ਪਏ ਮਲਬੇ ਨੂੰ ਵੀ ਟਰਾਲੀਆਂ ਨਾਲ ਉਥੋਂ ਹਟਾ ਦਿੱਤਾ। ਪੁਲਸ ਦੀ ਇਸ ਕਾਰਵਾਈ ਨੂੰ ਸ਼ਿਵ ਭਗਤਾਂ ਨੇ ਵੀ ਆਪਣਾ ਸਹਿਯੋਗ ਦਿੱਤਾ। ਦੱਸਣਯੋਗ ਹੈ ਕਿ ਦਹਾਕਿਆਂ ਤੋਂ ਸ਼ਿਵ ਭਗਤਾਂ ਦੀ ਮੰਗ ਚਲਦੀ ਆ ਰਹੀ ਸੀ ਕਿ ਉਹ ਪ੍ਰਾਚੀਨ ਸ਼ਿਵ ਮੰਦਰ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਕੇ ਬੈਠੇ ਲੋਕਾਂ 'ਤੇ ਕਾਰਵਾਈ ਕਰਨ ਤੋਂ ਬਾਅਦ ਨਾਜਾਇਜ਼ ਕਬਜ਼ੇ ਹਟਾਏ ਤੇ ਕਈ ਵਾਰ ਇਸ ਗੱਲ ਨੂੰ ਲੈ ਕੇ ਟਕਰਾਅ ਦਾ ਮਾਹੌਲ ਵੀ ਬਣ ਗਿਆ ਪਰ ਅੱਜ ਪ੍ਰਸ਼ਾਸਨ ਨੇ ਬੜੀ ਸੂਝ-ਬੂਝ ਵਰਤਦਿਆਂ ਇਲਾਕੇ ਦੇ ਮੋਹਤਬਰਾਂ ਜਿਨ੍ਹਾਂ 'ਚ ਬਲਾਕ ਕਾਂਗਰਸ ਪ੍ਰਧਾਨ ਬਲਵੰਤ ਸਿੰਘ ਸਵਾਮੀ, ਕਾਮਰੇਡ ਜਗਜੀਤ ਸਿੰਘ, ਪ੍ਰਭਸ਼ਰਨ ਸਿੰਘ ਸਰਪੰਚ, ਕਮਲਪ੍ਰੀਤ ਸਿੰਘ ਮੰਨੂੰ ਕਾਹਲੋਂ ਆਦਿ ਨੂੰ ਲਿਜਾ ਕੇ ਪਹਿਲਾਂ ਨਾਜਾਇਜ਼ ਕਬਜ਼ਾ ਕਰ ਕੇ ਬੈਠੇ ਲੋਕਾਂ ਨੂੰ ਸਮਝਾਇਆ। ਇਸ ਦੌਰਾਨ ਕਬਜ਼ਾ ਕਰ ਕੇ ਬੈਠੇ ਪਰਿਵਾਰਾਂ ਨੇ ਥੋੜ੍ਹਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਸਖਤੀ ਵਰਤਦਿਆਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਜਾਰੀ ਰੱਖੀ। 
ਕਸਬੇ ਦੇ ਲੋਕਾਂ ਖਾਸ ਕਰ ਕੇ ਸ਼ਿਵ ਭਗਤਾਂ 'ਚ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਲੈ ਕੇ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਸ. ਡੀ. ਐੱਮ. ਵਿਜੇ ਸਿਆਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਅੱਜ ਪੁਲਸ ਦੀ ਮਦਦ ਨਾਲ ਸ਼ਿਵ ਮੰਦਰ ਪਾਰਕ ਵਿਖੇ ਲੋਕਾਂ ਦੁਆਰਾ ਕੀਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਵੀ ਸ਼ਿਵ ਮੰਦਰ ਦੀ ਜ਼ਮੀਨ 'ਤੇ ਕਬਜ਼ੇ ਕੀਤੇ ਹਨ, ਉਹ ਆਪਣੇ-ਆਪ ਹਟਾ ਲੈਣ ਨਹੀਂ ਤਾਂ ਪ੍ਰਸ਼ਾਸਨ ਪੁਲਸ ਦੀ ਮਦਦ ਨਾਲ ਉਨ੍ਹਾਂ ਕਬਜ਼ਿਆਂ ਨੂੰ ਹਟਾ ਦੇਵੇਗਾ। ਇਸ ਮੌਕੇ ਡੀ. ਐੱਸ. ਪੀ. ਗੁਰਬੰਸ ਸਿੰਘ, ਤਹਿਸੀਲਦਾਰ ਅਰਵਿੰਦ ਸਲਵਾਨ ਤੇ ਐੱਸ. ਐੱਚ. ਓ. ਨਿਰਮਲ ਸਿੰਘ ਮੌਕੇ 'ਤੇ ਮੌਜੂਦ ਰਹੇ।


Related News