ਮਿੱਟੀ ਦੇ ਟਿੱਪਰ ਰਹੇ ਅਲੋਪ, ਮਾਈਨਿੰਗ ਵਾਲੀ ਜਗ੍ਹਾ ’ਤੇ ਪੁਲਸ ਨੇ ਮਾਰਿਆ ਛਾਪਾ

Monday, Aug 05, 2024 - 10:00 AM (IST)

ਮਿੱਟੀ ਦੇ ਟਿੱਪਰ ਰਹੇ ਅਲੋਪ, ਮਾਈਨਿੰਗ ਵਾਲੀ ਜਗ੍ਹਾ ’ਤੇ ਪੁਲਸ ਨੇ ਮਾਰਿਆ ਛਾਪਾ

ਗੋਨਿਆਣਾ (ਗੋਰਾ ਲਾਲ) : ਥਾਣਾ ਨੇਹੀਆਂਵਾਲਾ ਦੇ ਇਲਾਕੇ 'ਚ ਪਿਛਲੇ ਕਈ ਮਹੀਨਿਆਂ ਤੋਂ ਵੱਡੇ ਪੱਧਰ ’ਤੇ ਮਾਈਨਿੰਗ ਹੋ ਰਹੀ ਸੀ, ਜਿਸ ਦੀ ਖ਼ਬਰ ‘ਜਗ ਬਾਣੀ’ ਅਖ਼ਬਾਰ ਨੇ ਪ੍ਰਮੁੱਖਤਾ ਨਾਲ ਛਾਪੀ। ਇਸ ਤੋਂ ਬਾਅਦ ਮਾਈਨਿੰਗ ਵਿਭਾਗ ਅਤੇ ਜ਼ਿਲ੍ਹਾ ਪੁਲਸ ਹਰਕਤ ਦੇ ਵਿਚ ਆਈ ਅਤੇ ਉਨ੍ਹਾਂ ਨੇ ਸਾਰਾ ਦਿਨ ਮਿੱਟੀ ਦੇ ਖੱਡਿਆਂ ਉੱਪਰ ਭਾਰੀ ਫੋਰਸ ਲੈ ਕੇ ਛਾਪੇਮਾਰੀ ਕੀਤੀ, ਜਿਸ ਕਾਰਨ ਕਿਸੇ ਵੀ ਰੋਡ ਉੱਪਰ ਮਿੱਟੀ ਦੇ ਭਰੇ ਟਿੱਪਰ ਦਿਖਾਈ ਨਹੀਂ ਦਿੱਤੇ।

ਇਸ ਕਾਰਨ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਉਕਤ ਹੋ ਰਹੀ ਮਾਈਨਿੰਗ ਦੀਆਂ ਪਿੰਡ ਵਾਸੀਆਂ ਨੇ ਵੱਡੇ ਪੱਧਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਮਾਈਨਿੰਗ ਵਿਭਾਗ ਦੇ ਚੰਡੀਗੜ੍ਹ ਦੇ ਵੱਡੇ ਅਫ਼ਸਰਾਂ ਨੂੰ ਮੇਲਾਂ ਰਾਹੀਂ ਸ਼ਿਕਾਇਤਾਂ ਕੀਤੀਆਂ ਹੋਈਆਂ ਸਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜਿੱਥੇ ਇਨ੍ਹਾਂ ਟਿੱਪਰਾਂ ਵਾਲਿਆਂ ਨੇ ਲੱਖਾਂ ਰੁਪਏ ਖ਼ਰਚ ਕੇ ਸਰਕਾਰ ਵੱਲੋਂ ਬਣਾਈਆਂ ਸੜਕਾਂ ਤੋੜੀਆਂ ਹਨ ਅਤੇ ਨਾਲ ਹੀ ਨਾਜਾਇਜ਼ ਮਾਈਨਿੰਗ ਕਰ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਵੀ ਲਗਾਇਆ ਹੈ।

ਉਨ੍ਹਾਂ ਕਿਹਾ ਕਿ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਟੁੱਟੀਆਂ ਸੜਕਾਂ ਦੁਬਾਰਾ ਬਣਵਾਈਆਂ ਜਾਣ ਅਤੇ ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਟਿੱਪਰਾਂ ਵਾਲੇ ਜਿਸ ਕਿਸਾਨ ਦੇ ਖੇਤ 'ਚੋਂ ਮਿੱਟੀ ਪੁੱਟਦੇ ਹਨ, ਉਸ ਕੋਲੋਂ ਵੀ ਮੋਟੇ ਰੁਪਏ ਲੈਂਦੇ ਹਨ ਅਤੇ ਜਿਸ ਕਾਲੋਨੀ ਵਿਚ ਮਿੱਟੀ ਪਾਉਂਦੇ ਹਨ ਉਨ੍ਹਾਂ ਕੋਲੋਂ ਵੀ ਮੋਟੀ ਰਕਮ ਵਸੂਲਦੇ ਹਨ। ਇਸ ਕਾਰਨ ਮਿੱਟੀ ਪਾਉਣ ਵਾਲੇ ਟਿੱਪਰਾਂ ਦੇ ਠੇਕੇਦਾਰ ਰੋਜ਼ਾਨਾ ਲੱਖਾਂ ਰੁਪਏ ਸਰਕਾਰ ਦੀਆਂ ਅੱਖਾਂ ਵਿਚ ਮਿੱਟੀ ਘੋਲ ਕੇ ਕਮਾ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਵਿਚ ਵੱਡੇ ਅਫ਼ਸਰ ਸਰਕਾਰ ਨੂੰ ਲੱਖਾਂ ਰੁਪਏ ਮਿੱਟੀ ਵਾਲੇ ਟਿੱਪਰਾਂ ਤੋਂ ਜੁਰਮਾਨੇ ਰਾਹੀਂ ਵਸੂਲ ਕੇ ਸਰਕਾਰ ਨੂੰ ਦਿੰਦੇ ਹਨ ਜਾਂ ਫਿਰ ਕਾਗਜ਼ਾਂ ਵਿਚ ਹੀ ਘਾਲਾ-ਮਾਲਾ ਕਰਦੇ ਹਨ।
 


author

Babita

Content Editor

Related News