ਪੁਲਸ ਅਫਸਰਾਂ ਨੂੰ ਕੈਪਟਨ ਨੇ ਦਿੱਤੇ ਇਹ ਸਖਤ ਹੁਕਮ, ਨਸ਼ੇ ਦੇ ਸਮੱਗਲਰਾਂ ''ਚ ਫੈਲਿਆ ਡਰ!

03/22/2017 8:37:09 AM

ਚੰਡੀਗੜ੍ਹ— 10 ਸਾਲ ਬਾਅਦ ਸੱਤਾ ''ਚ ਆਈ ਕਾਂਗਰਸ ਸਰਕਾਰ ਪਹਿਲੇ ਦਿਨ ਤੋਂ ਹੀ ਵੱਡੇ ਫੈਸਲੇ ਲੈ ਰਹੀ ਹੈ। ਜਿੱਤਣ ਤੋਂ 9 ਦਿਨ ਬਾਅਦ ਸੋਮਵਾਰ ਨੂੰ ਇੱਥੇ ਪੰਜਾਬ ਭਵਨ ''ਚ ਜ਼ਿਲਿਆਂ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨਾਲ ਹੋਈ ਪਹਿਲੀ ਬੈਠਕ ''ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਹਫਤਿਆਂ ਅੰਦਰ ਪੰਜਾਬ ''ਚੋਂ ਨਸ਼ਾ ਖਤਮ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਜੇਕਰ ਕਿਤੇ ਨਸ਼ਾ ਫੜਿਆ ਗਿਆ ਤਾਂ ਜਿੰਮੇਵਾਰੀ ਡੀ. ਸੀ. ਅਤੇ ਐੱਸ. ਐੱਸ. ਪੀ. ਦੀ ਹੀ ਹੋਵੇਗੀ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ਚਾਰ ਹਫਤਿਆਂ ''ਚ ਕਿੰਨੇ ਵੱਡੇ ਸਮੱਗਲਰਾਂ ''ਤੇ ਕਾਰਵਾਈ ਹੋਵੇਗੀ ਅਤੇ ਨਸ਼ੇ ਦੇ ਖਾਤਮੇ ''ਚ ਕਿੰਨੀ ਕੁ ਸਫਲਤਾ ਮਿਲੇਗੀ। ਹਾਂ ਇੰਨਾ ਜ਼ਰੂਰ ਹੈ ਕਿ ਕੈਪਟਨ ਦੇ ਇਸ ਫੈਸਲੇ ਨਾਲ ਨਸ਼ੇ ਦੇ ਸੌਦਾਗਰਾਂ ''ਚ ਡਰ ਜ਼ਰੂਰ ਫੈਲ ਜਾਵੇਗਾ।

ਕੈਪਟਨ ਨੇ ਇਨ੍ਹਾਂ ਅਫਸਰਾਂ ਨੂੰ ਰੇਤ ਮਾਫੀਆ ਨੂੰ ਜੜ੍ਹ ਤੋਂ ਉਖਾੜਨ ਦੀ ਜਿੰਮੇਵਾਰੀ ਵੀ ਦਿੱਤੀ ਹੈ। ਇਸ ਤੋਂ ਇਲਾਵਾ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਕਾਬੂ ਕਰਨ ਦੇ ਹੁਕਮ ਵੀ ਦਿੱਤੇ ਗਏ। ਭ੍ਰਿਸ਼ਟਾਚਾਰ ਖਿਲਾਫ ਨਕੇਲ ਕੱਸਣ ਲਈ ਤਿੰਨ ਦਿਨਾਂ ਅੰਦਰ ਚਾਰਜਸ਼ੀਟ ਦਾਖਲ ਕਰਨ ਦਾ ਸਮਾਂ ਤੈਅ ਕੀਤਾ ਗਿਆ ਹੈ। ਬੈਠਕ ''ਚ ਮੁੱਖ ਮੰਤਰੀ ਨੇ ਨਸ਼ੇ ਦੇ ਮਾਮਲੇ ''ਚ ਪੁਲਸ ਕਮਿਸ਼ਨਰਾਂ, ਐੱਸ. ਐੱਸ. ਪੀ, ਡੀ. ਐੱਸ. ਪੀ. ਅਤੇ ਥਾਣੇਦਾਰਾਂ ਨੂੰ ਸਪੱਸ਼ਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਨਸ਼ੇ ਦੇ ਮਾਮਲਿਆਂ ਨੂੰ ਲੈ ਕੇ ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਸਮੇਤ ਵੱਖ-ਵੱਖ ਦਰਜੇ ਦੇ ਅਫਸਰਾਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦੀ ਉਨ੍ਹਾਂ ਨੂੰ ਨਿੱਜੀ ਤੌਰ ''ਤੇ ਜਾਣਕਾਰੀ ਹੈ। ਉਨ੍ਹਾਂ ਨੇ ਅਜਿਹੇ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ''ਚ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਇਹ ਅਫਸਰ ਸਖਤ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਵਿਭਾਗ ''ਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਗੈਰ-ਜ਼ਰੂਰੀ ਡਿਊਟੀ ਨਿਭਾ ਰਹੇ ਪੁਲਸ ਵਾਲਿਆਂ ਨੂੰ ਤੁਰੰਤ ਵਾਪਸ ਸੱਦਣ ਦੇ ਹੁਕਮ ਦਿੱਤੇ ਹਨ, ਤਾਂ ਕਿ ਲੋਕਾਂ ਦੀ ਸੁਰੱਖਿਆ ''ਚ ਜ਼ਿਆਦਾ ਪੁਲਸ ਤਾਇਨਾਤ ਕੀਤੀ ਜਾ ਸਕੇ। ਨੇਤਾਵਾਂ ਅਤੇ ਹੋਰ ਲੋਕਾਂ ਨੂੰ ਦਿੱਤੀ ਗਈ ਸੁਰੱਖਿਆ ਦੀ ਸਮੀਖਿਆ ਲਈ ਪਹਿਲਾਂ ਹੀ ਡੀ. ਜੀ. ਪੀ. ਦੀ ਅਗਵਾਈ ''ਚ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਵਿਸ਼ੇਸ਼ ਸਿਫਾਰਿਸ਼ਾਂ ਦੇ ਨਾਲ 24 ਮਾਰਚ ਤਕ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਰਿਪੋਰਟ ਦੇਵੇਗੀ। 


Related News