ਫਰੀਦਕੋਟ ਦੇ ਤਿੰਨ ਵੱਡੇ ਪੁਲਸ ਅਧਿਕਾਰੀਆਂ ’ਤੇ ਮਾਮਲਾ ਦਰਜ ਹੋਣ ਤੋਂ ਬਾਅਦ ਕੀਤਾ ਗਿਆ ਤਬਾਦਲਾ
Saturday, Jun 03, 2023 - 06:27 PM (IST)
ਫਰੀਦਕੋਟ (ਜਗਤਾਰ) : ਫਰੀਦਕੋਟ ਦੇ 3 ਵੱਡੇ ਪੁਲਸ ਅਧਿਕਾਰੀਆਂ ’ਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਪੁਲਸ ਵਿਭਾਗ ਨੇ ਤਿੰਨਾਂ ਦਾ ਤਬਾਦਲਾ ਕਰ ਦਿੱਤਾ ਹੈ। ਡੀ. ਆਈ. ਜੀ. ਫਿਰੋਜ਼ਪੁਰ ਦੇ ਨਿਰਦੇਸ਼ਾਂ ’ਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿਚ ਕਥਿਤ ਤੌਰ ’ਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਫਰੀਦਕੋਟ ਪੁਲਸ ਦੇ ਇਕ ਐੱਸ. ਪੀ, ਇਕ ਡੀ. ਐੱਸ. ਪੀ. ਅਤੇ ਇਕ ਸਬ ਇੰਸਪੈਕਟਰ ਸਮੇਤ 5 ਲੋਕਾਂ ’ਤੇ ਆਈ. ਜੀ. ਫਰੀਦਕੋਟ ਦੇ ਨਾਮ ’ਤੇ ਕਥਿਤ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲਣ ਦੇ ਦੋਸ਼ਾਂ ਤਹਿਤ ਥਾਣਾ ਸਦਰ ਕੋਟਕਪੂਰਾ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ।
ਐੱਸ. ਐੱਸ. ਪੀ. ਫਰੀਦਕੋਟ ਹਰਜੀਤ ਸਿੰਘ ਨੇ ਦਿੱਤੀ ਜਾਣਕਾਰੀ
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਇਕ ਡੇਰੇ ਦੇ ਮਹੰਤ ਦਿਆਲ ਦਾਸ ਦੇ ਸਾਲ 2019 ਵਿਚ ਹੋਏ ਕਤਲ ਮਾਮਲੇ ਵਿਚ ਮੁਦਈ ਪੱਖ ਤੋਂ ਕਥਿਤ ਡਰਾ ਧਮਕਾ ਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਵਸੂਲਣ ਦੇ ਮਾਮਲੇ ਵਿਚ ਬੀਤੇ ਕੱਲ੍ਹ ਫਰੀਦਕੋਟ ਪੁਲਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫਰੀਦਕੋਟ ਦੇ ਐੱਸ. ਪੀ. ਗਗਨੇਸ਼ ਕੁਮਾਰ, ਡੀ. ਐੱਸ. ਪੀ. ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਸਮੇਤ ਕੁੱਲ 5 ਲੋਕਾਂ ਖ਼ਿਲਾਫ ਮੁਕੱਦਮਾਂ ਨੰਬਰ 64 ਦਰਜ ਕੀਤਾ ਸੀ। ਜਿਸ ਸੰਬੰਧੀ ਅੱਜ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਤਿੰਨਾਂ ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਸੰਬੰਧੀ ਅਜੇ ਕੁਝ ਵੀ ਸਾਫ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ
ਕੀ ਹੈ ਪੂਰਾ ਮਾਮਲਾ?
ਮਾਮਲਾ ਸਾਲ 2019 ਦਾ ਹੈ ਜਦੋਂ 9 ਨਵੰਬਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਦਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਡੇਰੇ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਵਿਭਾਗ ਵੱਲੋਂ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਸ ਵਕਤ ਬਣੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਇਹ ਕਤਲ ਬਾਬਾ ਦਿਆਲ ਦਾਸ ਦਾ ਡੇਰੇ ਦੀ ਗੱਦੀ ਨੂੰ ਲੈ ਕੇ ਉਨ੍ਹਾਂ ਦੇ ਹੀ ਚੇਲੇ ਸੰਤ ਜਰਨੈਲ ਦਾਸ ਕਪੂਰੇ ਵਾਲੇ ਜ਼ਿਲ੍ਹਾ ਮੋਗਾ ਨੇ ਕਰਵਾਇਆ ਹੈ। ਇਸ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫੜੇ ਗਏ ਸਨ ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਐਲਾਨੇ ਗਏ ਸੰਤ ਜਰਨੈਲ ਦਾਸ ਕਪੂਰੇ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਸੀ ਹੋਈ। ਸੰਤ ਜਰਨੈਲ ਦਾਸ ਵੱਲੋਂ ਖੁਦ ਨੂੰ ਬੇਗੁਨਾਹ ਦੱਸਦਿਆਂ ਤਤਕਾਲੀ ਡੀ. ਆਈ. ਜੀ ਫਰੀਦਕੋਟ ਨੂੰ ਜਾਂਚ ਲਈ ਦਰਖਾਸਤ ਦਿੱਤੀ ਗਈ ਸੀ ਜਿਸ ਦੀ ਜਾਂਚ ਮੋਗਾ ਦੇ ਇਕ ਡੀ. ਐੱਸ. ਪੀ. ਵੱਲੋਂ ਕੀਤੀ ਗਈ ਸੀ ਜਿਸ ਵਿਚ ਸੰਤ ਜਰਨੈਲ ਦਾਸ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ ਜਿਸ ਦਾ ਪਤਾ ਜਦ ਮੁਦਈ ਪੱਖ ਦੇ ਸੰਤ ਬਾਬਾ ਗਗਨਦਾਸ ਨੂੰ ਲੱਗਿਆ ਤਾਂ ਉਨ੍ਹਾਂ ਮੁੜ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਰਾਹੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਆਈ. ਜੀ. ਫਰੀਦਕੋਟ ਵੱਲੋਂ ਮਾਮਲੇ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਐੱਸ. ਪੀ (ਡੀ) ਫਰੀਦਕੋਟ ਗਗਨੇਸ਼ ਕੁਮਾਰ, ਡੀ. ਐੱਸ. ਪੀ. ਪੀ. ਬੀ. ਆਈ. ਫਰੀਦਕੋਟ ਸ਼ੁਸ਼ੀਲ ਕੁਮਾਰ, ਡੀ. ਐੱਸ. ਪੀ ਬਾਘਾਪੁਰਾਣਾ ਜਸਜੋਤ ਸਿੰਘ ਅਤੇ ਐੱਸ. ਆਈ. ਖੇਮ ਚੰਦ ਪ੍ਰਾਸ਼ਰ ਨੂੰ ਮੈਂਬਰ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ’ਚ ਦਿਨ ਦਿਹਾੜੇ ਹੋਈ 40 ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਸਨਸਨੀਖੇਜ਼ ਖ਼ੁਲਾਸਾ
ਇਸ ਐੱਸ. ਆਈ. ਟੀ. ਦੇ 4 ਮੈਂਬਰਾਂ ਵਿਚੋਂ 3 ਮੈਂਬਰਾਂ ’ਤੇ ਅਤੇ 2 ਉਨ੍ਹਾਂ ਦੇ ਸਹਿਯੋਗੀ ਪ੍ਰਾਈਵੇਟ ਬੰਦਿਆਂ ਤੇ ਬਾਬਾ ਗਗਨ ਦਾਸ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਜਾਂਚ ਦੌਰਾਨ ਉਸ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਦੀ 35 ਲੱਖ ਰੁਪਏ ਵਿਚ ਐਡਜਸਟਮੈਂਟ 2 ਪ੍ਰਾਈਵੇਟ ਬੰਦਿਆਂ ਨੇ ਕਰਵਾਈ ਸੀ ਅਤੇ 20 ਲੱਖ ਰੁਪਏ ਉਨ੍ਹਾਂ ਨੇ ਬਾਬਾ ਗਗਨਦਾਸ ਨੇ ਦੱਸਿਆ ਸੀ ਕਿ ਉਕਤ ਐੱਸ. ਆਈ. ਟੀ. ਦੇ 3 ਮੈਂਬਰਾਂ ਨੇ ਆਪਣੇ ਸਾਥੀ 2 ਪ੍ਰਾਈਵੇਟ ਬੰਦਿਆਂ ਦੇ ਸਾਹਮਣੇ ਵਸੂਲ ਲਏ ਸਨ ਅਤੇ ਬਾਕੀ ਪੈਸਿਆਂ ਲਈ ਦਬਾਅ ਪਾਇਆ ਜਾ ਰਿਹਾ ਸੀ । ਆਪਣੇ ਦੋਸ਼ਾ ਸੰਬੰਧੀ ਬਾਬਾ ਗਗਨ ਦਾਸ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਕ ਹਲਫੀਆ ਬਿਆਨ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਜਾਂਚ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਵੱਲੋਂ ਕੀਤੀ ਗਈ ਸੀ ਜਿਸ ਦੇ ਚਲਦੇ ਬੀਤੇ ਕੱਲ੍ਹ ਫਰੀਦਕੋਟ ਵਿਖੇ ਆ ਕੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਤਿੰਨਾਂ ਪੁਲਸ ਅਧਿਕਾਰੀਆ ਤੋਂ ਪੁੱਛਗਿੱਛ ਕੀਤੀ ਅਤੇ ਪੁੱਛਗਿੱਛ ਤੋਂ ਬਾਅਦ ਬੇਸ਼ੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪਰ ਸ਼ਾਮ ਕਰੀਬ 4 ਵਜੇ ਜਾਂਚ ਰਿਪੋਰਟ ਦੇ ਅਧਾਰ ’ਤੇ ਤਿੰਨਾਂ ਪੁਲਸ ਅਧਿਕਾਰੀਆਂ ਅਤੇ ਦੋ ਹੋਰ ਸਾਥੀਆਂ ਸਮੇਤ 5 ਲੋਕਾਂ ’ਤੇ ਮੁਕੱਦਮਾਂ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani