ਬਠਿੰਡਾ ''ਚ ਨੌਜਵਾਨ ਦੇ ਕਤਲ ਕਾਂਡ ਵਿਚ ਡੀ. ਐੱਸ. ਪੀ. ਦਾ ਵੱਡਾ ਖੁਲਾਸਾ, ਜਾਂਚ ''ਚ ਸਾਹਮਣੇ ਆਏ ਇਹ ਸੱਚ (ਤਸਵੀਰਾਂ)
Tuesday, Jun 13, 2017 - 06:00 PM (IST)
ਬਠਿੰਡਾ (ਮਨੀਸ਼) : ਬਠਿੰਡਾ ਦੇ ਪਿੰਡ ਭਾਗੀਵਾਂਦਰ 'ਚ ਬੀਤੇ ਦਿਨੀਂ ਨਸ਼ਾ ਤਸਕਰੀ ਦੇ ਦੋਸ਼ ਵਿਚ ਕਤਲ ਕੀਤੇ ਗਏ ਸੋਨੂੰ ਅਰੋੜਾ ਨਾਮਕ ਨੌਜਵਾਨ ਦੇ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਕਤਲ ਕਾਂਡ ਵਿਚ ਕਥਿਤ ਤੌਰ 'ਤੇ ਵਰਤੀ ਗਈ ਸਾਰਪਿਓ ਗੱਡੀ ਬਰਾਮਦ ਕਰ ਲਈ ਹੈ। ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਇਸ ਮਾਮਲੇ ਵਿਚ ਕਈ ਖੁਲਾਸੇ ਕਰਦੇ ਹੋਏ ਦੱਸਿਆ ਕਿ ਸੋਨੂੰ ਅਰੋੜਾ ਦੀ ਪਹਿਲਾਂ ਜੋਧਪੁਰ ਪਾਖਰ ਨਹਿਰ 'ਤੇ ਲਿਜਾ ਕੇ ਕੁੱਟਮਾਰ ਕੀਤੀ ਗਈ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਕੇ ਪਿੰਡ ਲਿਆਂਦਾ ਗਿਆ। ਇਸ ਮਾਮਲੇ ਵਿਚ ਡੀ. ਐੱਸ. ਪੀ. ਨੇ ਪੰਜ ਲੋਕਾਂ ਦੇ ਸ਼ਾਮਲ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਭਾਗੀਵਾਂਦਰ 'ਚ ਨਸ਼ਾ ਤਸਕਰੀ ਦੇ ਦੋਸ਼ ਵਿਚ ਪਿੰਡ ਦੇ ਅਣਪਛਾਤੇ ਲੋਕਾਂ ਵਲੋਂ ਸੋਨੂੰ ਅਰੋੜਾ ਨਾਮਕ ਨੌਜਵਾਨ ਦੇ ਹੱਥ ਪੈਰ ਵੱਢ ਕੇ ਪਿੰਡ ਦੀ ਸੱਥ ਵਿਚ ਸੁੱਟ ਦਿੱਤਾ ਗਿਆ ਸੀ। ਇਸ ਮੌਕੇ ਪਿੰਡ ਦੇ ਲੋਕਾਂ ਵਲੋਂ ਨੌਜਵਾਨ ਨੂੰ ਹਸਪਤਾਲ ਲਿਜਾਣ ਦਾ ਵੀ ਵਿਰੋਧ ਕੀਤਾ ਗਿਆ। ਬਾਅਦ ਵਿਚ ਉਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਆਤਮਦਾਹ ਦੀ ਧਮਕੀ ਤੋਂ ਬਾਅਦ ਇਸ ਕਤਲ ਕਾਂਡ ਵਿਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਇਸ ਮਾਮਲੇ ਵਿਚ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
