ਪੁਲਸ ਨੇ ਸੁਲਝਾਈ ਕਤਲ ਦੀ ਗੁੱਥੀ, ਸਿਰ ਦੇ ਸਾਈਂ ਨੇ ਹੀ ਪ੍ਰੇਮਿਕਾ ਨਾਲ ਮਿਲ ਕੇ ਕੀਤਾ ਸੀ ਕਤਲ

03/24/2023 1:42:12 AM

ਮੋਗਾ (ਆਜ਼ਾਦ)-ਮੋਗਾ ਪੁਲਸ ਨੇ ਬੀਤੀ ਰਾਤ ਸ਼ੇਰਪੁਰ ਤਾਇਬਾਂ ਨਿਵਾਸੀ ਅਮਰਜੀਤ ਕੌਰ ਉਰਫ ਬੱਬੂ ਦੇ ਹੋਏ ਕਤਲ ਮਾਮਲੇ ਦਾ ਕੁਝ ਘੰਟਿਆਂ ’ਚ ਪਰਦਾਫਾਸ਼ ਕਰਦਿਆਂ ਉਕਤ ਮਾਮਲੇ ’ਚ ਮ੍ਰਿਤਕਾ ਦੇ ਪਤੀ ਨੂੰ ਕਾਬੂ ਕੀਤਾ। ਇਸ ਸਬੰਧ ’ਚ ਧਰਮਕੋਟ ਪੁਲਸ ਵੱਲੋਂ ਮ੍ਰਿਤਕਾ ਦੇ ਪਿਤਾ ਕਸ਼ਮੀਰ ਸਿੰਘ ਨਿਵਾਸੀ ਪਿੰਡ ਸ਼ੇਰਪੁਰ ਤਾਇਬਾਂ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਅਤੇ ਉਸ ਦੀ ਕਥਿਤ ਪ੍ਰੇਮਿਕਾ ਸਮੇਤ ਤਿੰਨ ਵਿਰੁੱਧ ਕਤਲ ਅਤੇ ਮਿਲੀਭੁਗਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੇਰਪੁਰ ਤਾਇਬਾਂ ਨਿਵਾਸੀ ਬਲਵਿੰਦਰ ਸਿੰਘ ਨੇ ਧਰਮਕੋਟ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਜਦੋਂ ਉਹ ਬੀਤੀ ਦੇਰ ਰਾਤ ਆਪਣੇ ਮੋਟਰਸਾਈਕਲ ’ਤੇ ਆਪਣੀ ਪਤਨੀ ਅਮਰਜੀਤ ਕੌਰ ਦੇ ਨਾਲ ਪਿੰਡ ਢੋਲੇਵਾਲਾ ਸਾਈਡ ਤੋਂ ਸ਼ੇਰਪੁਰ ਤਾਇਬਾਂ ਨੂੰ ਆ ਰਿਹਾ ਸੀ ਤਾਂ ਪੁਲ ਨਹਿਰ ਸ਼ੇਰਪੁਰ ਤਾਇਬਾਂ ਕੋਲ ਤਿੰਨ ਮੋਟਰਸਾਈਕਲ ਸਵਾਰ 6 ਨੌਜਵਾਨ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਮੇਰੀ ਪਤਨੀ ਨੂੰ ਸੱਟਾਂ ਮਾਰ ਕੇ ਮੌਕੇ ਤੋਂ ਭੱਜ ਗਏ ਅਤੇ ਮੈਂ ਵੀ ਮੌਕੇ ਤੋਂ ਫਰਾਰ ਹੋ ਗਿਆ ਤੇ ਰੌਲਾ ਪਾਇਆ।

ਇਹ ਖ਼ਬਰ ਵੀ ਪੜ੍ਹੋ : ਗ੍ਰਾਂਟ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ’ਤੇ ਮਾਮਲਾ ਦਰਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਕੋਟ ਦੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ ਦੇ ਆਦੇਸ਼ਾਂ ’ਤੇ ਕਤਲ ਮਾਮਲੇ ਦਾ ਸੁਰਾਗ ਲਗਾਉਣ ਲਈ ਥਾਣਾ ਧਰਮਕੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਜਸਵਰਿੰਦਰ ਸਿੰਘ ’ਤੇ ਆਧਾਰਿਤ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜਿਨ੍ਹਾਂ ਨੇ ਉਕਤ ਮਾਮਲੇ ’ਚ ਕਤਲ ਦਾ ਸੁਰਾਗ ਲਗਾਉਂਦੇ ਹੋਏ ਮ੍ਰਿਤਕਾ ਦੇ ਪਤੀ ਨੂੰ ਜਾ ਦਬੋਚਿਆ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਕਸ਼ਮੀਰ ਸਿੰਘ ਨੇ ਕਿਹਾ ਕਿ ਮੇਰੀ ਧੀ ਅਮਰਜੀਤ ਕੌਰ ਉਰਫ ਬੱਬੂ ਦਾ ਪ੍ਰੇਮ ਵਿਆਹ 6 ਸਾਲ ਪਹਿਲਾਂ ਸਾਡੇ ਹੀ ਪਿੰਡ ਦੇ ਲੜਕੇ ਬਲਵਿੰਦਰ ਸਿੰਘ ਉਰਫ ਬਿੰਦੂ ਨਾਲ ਹੋਇਆ ਸੀ, ਜਿਨ੍ਹਾਂ ਦੇ ਦੋ ਬੱਚੇ ਵੀ ਹਨ। ਉਨ੍ਹਾਂ ਕਿਹਾ ਕਿ ਮੈਨੂੰ ਮੇਰੀ ਧੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਅਕਸਰ ਉਸ ਨੂੰ ਰੋਕਦੀ ਸੀ, ਜਿਸ ਕਾਰਨ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ। ਉਸ ਨੇ ਕਿਹਾ ਕਿ ਮੈਨੂੰ ਬੀਤੀ ਰਾਤ 10 ਵਜੇ ਕਰੀਬ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਢੋਲੇਵਾਲਾ ਸਾਈਡ ਤੋਂ ਜਦੋਂ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਪੁਲ ਨਹਿਰ ਕੋਲ ਉਸ ਨੂੰ ਘੇਰ ਲਿਆ ਅਤੇ ਮੇਰੀ ਪਤਨੀ ਅਮਰਜੀਤ ਕੌਰ ਉਰਫ ਬੱਬੂ ਦੇ ਸੱਟਾਂ ਮਾਰੀਆਂ ਅਤੇ ਮੈਂ ਉਥੋਂ ਭੱਜ ਆਇਆ।

ਇਹ ਖ਼ਬਰ ਵੀ ਪੜ੍ਹੋ : ਹਿੰਡਨਬਰਗ ਰਿਪੋਰਟ ’ਤੇ ਸੰਸਦ ’ਚ ਨਹੀਂ ਹੋਣ ਦਿੱਤੀ ਜਾ ਰਹੀ ਬਹਿਸ : ਸੀਤਾਰਾਮ ਯੇਚੁਰੀ

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਮੇਰੀ ਧੀ ਦਾ ਕਤਲ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਦੋਂ ਬਲਵਿੰਦਰ ਸਿੰਘ ਉਰਫ ਬਿੰਦੂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਜੋਤੀ ਨਾਂ ਦੀ ਇਕ ਔਰਤ ਅਤੇ ਹੋਰਨਾਂ ਨਾਲ ਸਾਜ਼ਿਸ਼ ਰਚ ਕੇ ਅਮਰਜੀਤ ਕੌਰ ਉਰਫ ਬੱਬੂ ਦਾ ਕਤਲ ਕੀਤਾ ਹੈ, ਜਿਸ ’ਤੇ ਪੁਲਸ ਨੇ ਬਲਵਿੰਦਰ ਸਿੰਘ ਉਰਫ ਬਿੰਦੂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਦੂਜਿਆਂ ਦੀ ਗ੍ਰਿਫ਼ਤਾਰੀ ਬਾਕੀ ਹੈ।

ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਬਾਕੀ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਕਤਲ ਕਿਵੇਂ ਕੀਤਾ ਗਿਆ ਅਤੇ ਇਸ ’ਚ ਹੋਰ ਕੌਣ ਸ਼ਾਮਲ ਹਨ। ਜਲਦ ਹੀ ਅਹਿਮ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਕਾਬੂ ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਮ੍ਰਿਤਕਾ ਦੀ ਲਾਸ਼ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।


Manoj

Content Editor

Related News