ਪੁਲਸ ਪ੍ਰਸ਼ਾਸਨ ਨੇ ਜ਼ਿਲੇ ''ਚ ਕੱਢਿਆ ਫਲੈਗ ਮਾਰਚ

Monday, Apr 02, 2018 - 06:56 AM (IST)

ਤਰਨਤਾਰਨ,  (ਰਮਨ, ਰਾਜੂ)-  ਵਾਲਮੀਕਿ ਸਮਾਜ ਵੱਲੋਂ 2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਜਿਥੇ ਪੁਲਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤਦੇ ਹੋਏ ਪੂਰੇ ਜ਼ਿਲੇ ਦੀਆਂ ਸਬ-ਡਵੀਜ਼ਨਾਂ ਵਿਚ ਫਲੈਗ ਮਾਰਚ ਕੱਢਿਆ ਗਿਆ, ਉਥੇ ਹੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਬੈਨ ਆਰਡਰ ਜਾਰੀ ਕੀਤੇ ਗਏ ਹਨ। ਸਬ ਡਵੀਜ਼ਨ ਤਰਨਤਾਰਨ ਵਿਚ ਵੀ ਐੱਸ. ਪੀ. ਹੈੱਡ ਕੁਆਰਟਰ ਗੁਰਨਾਮ ਸਿੰਘ ਦੀ ਅਗਵਾਈ 'ਚ ਪੁਲਸ ਵੱਲੋਂ ਫਲੈਗ ਮਾਰਚ ਕੀਤਾ ਗਿਆ। ਇਸੇ ਤਰ੍ਹਾਂ ਤਹਿਸੀਲ ਪੱਟੀ, ਖਡੂਰ ਸਾਹਿਬ ਵਿਚ ਫਲੈਗ ਮਾਰਚ ਕੱਢਿਆ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 300 ਕਮਾਂਡੋ ਅਤੇ ਜ਼ਿਲਾ ਤਰਨਤਾਰਨ ਦੇ ਕਰੀਬ 1500 ਮੁਲਾਜ਼ਮ ਲੋਕਾਂ ਦੀ ਸੁੱਰਖਿਆ ਲਈ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਵੱਲੋਂ ਮਿਲੇ ਨਿਰਦੇਸ਼ਾਂ ਹੇਠ ਜ਼ਿਲਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਨੇ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਹੀ ਡਿਊਟੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਮੌਕੇ ਫਲੈਗ ਮਾਰਚ ਕਰਨ ਵਿਚ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਸਤਪਾਲ ਸਿੰਘ, ਡੀ. ਐੱਸ. ਪੀ. ਸਿਟੀ ਸਤਨਾਮ ਸਿੰਘ, ਐੱਸ. ਆਈ. ਸੋਨਮਦੀਪ, ਐੱਸ. ਆਈ. ਮਨਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਸ੍ਰੀ ਗੋਇੰਦਵਾਲ ਸਾਹਿਬ,  (ਪੰਛੀ)-ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗੋਇੰਦਵਾਲ ਸਾਹਿਬ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਸਤਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪ੍ਰਸ਼ਾਸਨ ਵੱਲੋਂ ਇਲਾਕੇ ਅੰਦਰ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਇੰਸਪੈਕਟਰ ਸੁਖਇੰਦਰ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ 'ਚ ਸਹਿਯੋਗ ਦੇਣ। ਇਸ ਸਮੇਂ ਐੱਸ. ਐੱਚ. ਓ. ਥਾਣਾ ਸਿਟੀ ਮਨਜਿੰਦਰ ਸਿੰਘ, ਐੱਸ. ਐੱਚ. ਓ. ਸਦਰ ਕਮਲਜੀਤ ਸਿੰਘ, ਐੱਸ. ਐੱਚ. ਓ. ਸੋਨਮਦੀਪ ਕੌਰ ਤੋਂ ਇਲਾਵਾ ਪੁਲਸ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਖਡੂਰ ਸਾਹਿਬ, (ਕੁਲਾਰ)-ਐੱਸ. ਸੀ/ਐੱਸ. ਟੀ. ਐਕਟ ਦੀ ਨਜ਼ਰਸਾਨੀ ਲਈ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਦੇ ਵਿਰੋਧ 'ਚ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜ਼ਿਲਾ ਤਰਨਤਾਰਨ ਦੀ ਪੁਲਸ ਪਾਰਟੀ ਵੱਲੋਂ ਐੱਸ. ਪੀ. ਹੈੱਡ ਕੁਆਰਟਰ ਗੁਰਨਾਮ ਸਿੰਘ, ਡੀ. ਐੱਸ. ਪੀ. ਸਤਨਾਮ ਸਿੰਘ, ਡੀ. ਐੱਸ. ਪੀ. ਸਤਪਾਲ ਸਿੰਘ ਦੀ ਅਗਵਾਈ ਹੇਠ ਖਡੂਰ ਸਾਹਿਬ ਦੇ ਮੇਨ ਬਾਜ਼ਾਰ, ਗੋਇੰਦਵਾਲ ਸਾਹਿਬ ਆਦਿ ਕਸਬਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐੱਸ. ਐੱਚ. ਓ. ਗੋਇੰਦਵਾਲ ਸਾਹਿਬ ਸੁਖਇੰਦਰ ਸਿੰਘ, ਐੱਸ. ਐੱਚ. ਓ. ਵੈਰੋਵਾਲ ਸੋਨਮਦੀਪ ਕੌਰ, ਐੱਸ. ਐੱਚ. ਓ. ਝਬਾਲ ਮਨੋਜ ਕੁਮਾਰ, ਐੱਸ. ਐੱਚ. ਓ. ਸਦਰ ਕੰਵਲਮੀਤ ਸਿੰਘ, ਐੱਸ. ਐੱਚ. ਓ. ਸਰਾਏ ਅਮਾਨਤ ਖਾਂ ਬਲਜਿੰਦਰ ਸਿੰਘ, ਪੁਲਸ ਚੌਕੀ ਇੰਚਾਰਜ ਖਡੂਰ ਸਾਹਿਬ ਅਮਰਜੀਤ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
ਪੱਟੀ, (ਬੇਅੰਤ)-2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ 'ਤੇ ਅੱਜ ਪੱਟੀ ਸ਼ਹਿਰ ਅੰਦਰ ਸੁਰੱਖਿਆ ਨੂੰ ਹਰ ਹੀਲੇ ਕਾਇਮ ਰੱਖਣ ਲਈ ਐੱਸ. ਪੀ. ਪਰਲਾਦ ਸਿੰਘ ਦੀ ਅਗਵਾਈ ਹੇਠ ਮੇਨ ਬਾਜ਼ਾਰ, ਬੱਸ ਸਟੈਂਡ, ਕੋਰਟ ਰੋਡ, ਲਾਹੌਰ ਰੋਡ, ਕੁੱਲਾ ਚੌਕ ਵਿਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਥਾਣਾ ਸਿਟੀ, ਥਾਣਾ ਸਦਰ, ਥਾਣਾ ਹਰੀਕੇ ਤੇ ਥਾਣਾ ਸਰਹਾਲੀ ਦੇ ਮੁਖੀ ਤੇ ਸਾਰੇ ਥਾਣਿਆਂ ਦੇ ਮੁਲਾਜ਼ਮ ਤੇ ਹੋਮਗਾਰਡ ਦੇ ਜਵਾਨਾਂ ਨੇ ਭਾਗ ਲਿਆ। ਇਸ ਮੌਕੇ ਥਾਣਾ ਮੁਖੀ ਸਿਟੀ ਕਮਲਜੀਤ ਸਿੰਘ, ਥਾਣਾ ਮੁਖੀ ਸਦਰ ਪ੍ਰੀਤਇੰਦਰ ਸਿੰਘ, ਥਾਣਾ ਮੁਖੀ ਹਰੀਕੇ ਪ੍ਰਭਜੀਤ ਸਿੰਘ, ਥਾਣਾ ਮੁਖੀ ਸਰਹਾਲੀ ਕੰਵਲਜੀਤ ਸਿੰਘ, ਏ. ਐੱਸ. ਆਈ. ਸੰਤੋਖ ਸਿੰਘ, ਏ. ਐੱਸ. ਆਈ. ਸਲਵਿੰਦਰ ਸਿੰਘ, ਚੌਕੀ ਇੰਚਾਰਜ ਚਰਨ ਸਿੰਘ, ਕ੍ਰਿਸ਼ਨ ਕੁਮਾਰ, ਦਵਿੰਦਰ ਜੋਸ਼ੀ ਸਮੇਤ ਹੋਰ ਪੁਲਸ ਮੁਲਾਜ਼ਮਾਂ ਨੇ ਭਾਗ ਲਿਆ।
ਪੱਟੀ,  (ਪਾਠਕ)-ਸਮੂਹ ਵਾਲਮੀਕਿ ਭਾਈਚਾਰੇ ਵੱਲੋਂ 2 ਅਪ੍ਰੈਲ ਨੂੰ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਸੁਰਿੰਦਰ ਸਿੰਘ ਉਪ ਮੰਡਲ ਅਫਸਰ ਸਬ ਡਵੀਜ਼ਨ ਪੱਟੀ ਤੇ ਤਿਲਕ ਰਾਜ ਐੱਸ. ਪੀ. (ਡੀ) ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਖੇ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਲੋਕਾਂ ਦੇ ਮਨਾਂ 'ਚ ਦਹਿਸ਼ਤ ਦਾ ਮਾਹੌਲ ਨਾ ਬਣ ਸਕੇ। ਇਸ ਸਬੰਧੀ ਵੱਖ-ਵੱਖ ਅਫਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਪਰਲਾਦ ਸਿੰਘ ਡੀ. ਐੱਸ. ਪੀ., ਥਾਣਾ ਸਿਟੀ ਪੱਟੀ ਦੇ ਮੁਖੀ ਕਮਲਜੀਤ ਸਿੰਘ, ਸਦਰ ਪੱਟੀ ਦੇ ਪ੍ਰੀਤਇੰਦਰ ਸਿੰਘ, ਹਰੀਕੇ ਦੇ ਪ੍ਰਭਜੀਤ ਸਿੰਘ, ਸਰਹਾਲੀ ਦੇ ਕੁਲਵਿੰਦਰਪਾਲ ਸਿੰਘ, ਇੰਸਪੈਕਟਰ ਗੁਰਨਾਮ ਸਿੰਘ, ਚਰਨ ਸਿੰਘ ਇੰਚਾਰਜ ਸਭਰਾਅ, ਕਸ਼ਮੀਰ ਸਿੰਘ ਕੈਰੋਂ, ਬਾਬਾ ਕ੍ਰਿਪਾਲ ਸਿੰਘ ਤੇ ਰੇਸ਼ਮ ਸਿੰਘ (ਥਾਣੇਦਾਰ) ਸ਼ਾਮਲ ਸਨ।


Related News