ਪੁਲਸ ਇੰਸਪੈਕਟਰ ਦਾ ਭਰਾ ਕਰੀ ਜਾਂਦਾ ਸੀ ਕਾਲਾਬਾਜ਼ਾਰੀ, ਹੁਣ ਖੁੱਲ੍ਹਿਆ ਰਾਜ਼ ਤਾਂ...

08/28/2015 6:57:41 PM

ਲੁਧਿਆਣਾ (ਕੁਲਵੰਤ) - ਮਿੱਟੀ ਦੇ ਤੇਲ ਦੀ ਕਾਲਾਬਾਜ਼ਾਰੀ ਕਰਨ ਵਾਲੇ ਇਕ ਦੋਸ਼ੀ ਦੇ ਟਿਕਾਣੇ ''ਤੇ ਫੋਕਲ ਪੁਆਇੰਟ ਪੁਲਸ ਨੇ ਛਾਪਾਮਾਰੀ ਕੀਤੀ, ਦੋਸ਼ੀ ਤਾਂ ਪੁਲਸ ਦੇ ਹੱਥ ਨਹੀਂ ਲੱਗਾ ਪਰ ਪੁਲਸ ਨੇ ਉਥੋਂ 17 ਹਜ਼ਾਰ ਲਿਟਰ ਮਿੱਟੀ ਦਾ ਤੇਲ ਬਰਾਮਦ ਕਰ ਲਿਆ।
ਦੋਸ਼ੀ ਦੀ ਪਛਾਣ ਫੇਸ 4 ਫੋਕਲ ਪੁਆਇੰਟ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੇ ਰੂਪ ''ਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਇੰਚਾਰਜ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਗਸ਼ਤ ਦੇ ਸਬੰਧ ਵਿਚ ਸ਼ੇਰਪੁਰ ਚੌਕ ਵਿਚ ਮੌਜੂਦ ਸਨ ਉਦੋਂ ਮੁੱਖਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਦੋਸ਼ੀ ਨੇ ਆਪਣੀ ਇਕਾਈ ਵਿਚ ਮਿੱਟੀ ਦਾ ਤੇਲ ਵੱਡੀ ਮਾਤਰਾ ਵਿਚ ਸਟੋਰ ਕੀਤਾ ਹੋਇਆ ਹੈ, ਜਿਸ ''ਤੇ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਉਥੇ ਰੇਡ ਕੀਤੀ ਗਈ ਤਾਂ ਪੁਲਸ ਨੂੰ ਉਥੋਂ 17 ਹਜ਼ਾਰ ਲਿਟਰ ਮਿੱਟੀ ਦਾ ਤੇਲ ਬਰਾਮਦ ਹੋਇਆ, ਜਦੋਂ ਕਿ ਦੋਸ਼ੀ ਉਥੋਂ ਫਰਾਰ ਹੋਣ ''ਚ ਕਾਮਯਾਬ ਰਿਹਾ, ਜਿਸ ਦੀ ਪੁਲਸ ਤਲਾਸ਼ ਕਰ ਰਹੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਮਾਤਰਾ ''ਚ ਤੇਲ ਸਟੋਰ ਕਰਨਾ ਆਪਣੇ ਆਪ ਵਿਚ ਅਪਰਾਧ ਹੈ। ਪਤਾ ਲੱਗਾ ਹੈ ਕਿ ਉਹ ਪੰਜਾਬ ਦੇ ਵੱਖ-ਵੱਖ ਡਿਪੂਆਂ ਤੋਂ ਵੱਡੀ ਮਾਤਰਾ ਵਿਚ ਤੇਲ ਲਿਆ ਕੇ ਇਥੇ ਮਹਿੰਗੇ ਰੇਟਾਂ ''ਤੇ ਵੇਚਦਾ ਸੀ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਉਹ ਇਹ ਤੇਲ ਦੀ ਖੇਪ ਕਿਥੋਂ ਲਿਆਉਂਦਾ ਸੀ ਅਤੇ ਉਸਦੀ ਕਾਲਾਬਾਜ਼ਾਰੀ ਵਿਚ ਕਿੰਨੇ ਡਿਪੂ ਸੰਚਾਲਕ ਉਸਦਾ ਸਾਥ ਦੇ ਰਹੇ ਸਨ। ਫਿਲਹਾਲ ਪੁਲਸ ਦੋਸ਼ੀ ਦੀ ਤਲਾਸ਼ ਵਿਚ ਲੱਗੀ ਹੋਈ ਹੈ। ਪੁਲਸ ਨੇ ਸਾਰਾ ਤੇਲ ਸੀਲ ਕਰ ਦਿੱਤਾ ਹੈ। ਫਰਾਰ ਹੋਇਆ ਦੋਸ਼ੀ ਪੰਜਾਬ ਪੁਲਸ ਦੇ ਹੀ ਇਕ ਇੰਸਪੈਕਟਰ ਦਾ ਭਰਾ ਦੱਸਿਆ ਜਾ ਰਿਹਾ ਹੈ, ਜੋ ਆਪਣੇ ਭਰਾ ਤੋਂ ਵੱਖਰਾ ਰਹਿੰਦਾ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Gurminder Singh

Content Editor

Related News