ਫਰਿੱਜ ਵੇਚਣ ਪਿੱਛੇ ਭਰਾ ਨੇ ਹੀ ਕਰ'ਤਾ ਭਰਾ ਦਾ ਕਤਲ, ਬੈੱਡ 'ਚ ਲਾਸ਼ ਲੁਕਾ ਖ਼ੁਦ ਫ਼ੋਨ ਕਰ ਕਿਹਾ, 'ਆ ਕੇ ਸਾਂਭ ਲਵੋ'

Thursday, May 09, 2024 - 11:21 PM (IST)

ਫਰਿੱਜ ਵੇਚਣ ਪਿੱਛੇ ਭਰਾ ਨੇ ਹੀ ਕਰ'ਤਾ ਭਰਾ ਦਾ ਕਤਲ, ਬੈੱਡ 'ਚ ਲਾਸ਼ ਲੁਕਾ ਖ਼ੁਦ ਫ਼ੋਨ ਕਰ ਕਿਹਾ, 'ਆ ਕੇ ਸਾਂਭ ਲਵੋ'

ਨਡਾਲਾ (ਸ਼ਰਮਾ)- ਥਾਣਾ ਸੁਭਾਨਪੁਰ ਦੇ ਪਿੰਡ ਨਡਾਲਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੀ ਹਿੰਮਤ ਸਿੰਘ ਕਾਲੋਨੀ ਵਿਖੇ ਫਰਿੱਜ ਨੂੰ ਲੈ ਕੇ ਚੱਲ ਰਹੇ ਝਗੜੇ ਦੌਰਾਨ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ। ਇਸ ਦੌਰਾਨ ਡੀ.ਐੱਸ.ਪੀ. ਸੁਰਿੰਦਰ ਪਾਲ ਧੋਗੜੀ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ’ਚ ਲਿਆ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਅਜੀਤ ਸਿੰਘ ਦੇ ਬਿਆਨ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ।

ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਹਿੰਮਤ ਸਿੰਘ ਕਾਲੋਨੀ ਨਡਾਲਾ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਪਿਛਲੇ 2 ਸਾਲਾਂ ਤੋਂ ਜ਼ੀਰਕਪੁਰ ਫੋਕਲ ਪੁਆਇੰਟ ’ਚ ਬੀ-3 ਫੈਕਟਰੀ ’ਚ ਸਕਿਓਰਟੀ ਗਾਰਡ ਲੱਗਾ ਹੋਇਆ ਹੈ, ਉਹ ਫੈਕਟਰੀ ਨੇੜੇ ਹੀ ਕਮਰਾ ਕਿਰਾਏ ’ਤੇ ਲੈ ਕੇ ਉੱਥੇ ਹੀ ਰਹਿੰਦਾ ਹੈ। ਉਹ ਕਦੀ-ਕਦਾਈ ਆਪਣੇ ਘਰ ਪਿੰਡ ਨਡਾਲਾ ਆਉਂਦਾ ਹੈ।

ਅਜੀਤ ਸਿੰਘ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਸ ਦੀ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਚੁੱਕੀ ਹੈ। ਉਸਦੇ 2 ਲੜਕੇ ਹਨ, ਜੋ ਦੋਵੇ ਹੀ ਨਸ਼ੇ ਕਰਦੇ ਹਨ। ਵੱਡਾ ਲੜਕਾ ਕੁਲਵਿੰਦਰ ਸਿੰਘ ਉਰਫ ਮੰਗਾ ਜਿਸ ਦੀ ਉਮਰ ਕਰੀਬ 26 ਸਾਲ ਹੈ, ਜੋ ਪ੍ਰਾਈਵੇਟ ਤੌਰ ’ਤੇ ਡਰਾਈਵਰੀ ਕਰਦਾ ਹੈ, ਜੋ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦਾ ਹੈ ਅਤੇ ਕਦੀ-ਕਦਾਈਂ ਘਰ ਆਉਂਦਾ ਹੈ।

ਇਹ ਵੀ ਪੜ੍ਹੋ- ਮਈ ਦੇ ਪਹਿਲੇ ਹਫ਼ਤੇ ਹੀ ਗਰਮੀ ਨੇ ਕਢਾਏ 'ਵੱਟ', ਅਸਮਾਨੀ ਚੜ੍ਹਿਆ ਪਾਰਾ, ਜਨਤਾ ਹੋਈ ਹਾਲੋ-ਬੇਹਾਲ

ਉਸ ਨੇ ਕਿਹਾ ਕਿ ਉਸ ਦਾ ਛੋਟਾ ਲੜਕਾ ਸੁਖਵਿੰਦਰ ਸਿੰਘ ਉਰਫ ਨਿੱਕਾ ਉਰਫ ਗੁਰਜੰਟ ਸਿੰਘ (22), ਜੋ ਕਈ ਵਾਰ ਮੇਰੇ ਕੋਲ ਜੀਰਕਪੁਰ ਚਲੇ ਜਾਂਦਾ ਸੀ ਅਤੇ ਕੁੱਝ ਦਿਨ ਰਹਿਣ ਤੋਂ ਬਾਅਦ ਵਾਪਸ ਘਰ ਆ ਜਾਂਦਾ ਸੀ। 2 ਮਹੀਨੇ ਤੋਂ ਸੁਖਵਿੰਦਰ ਸਿੰਘ ਉਰਫ ਨਿੱਕਾ ਉਰਫ ਗੁਰਜੰਟ ਸਿੰਘ ਹਿੰਮਤ ਸਿੰਘ ਕਾਲੋਨੀ ਨਡਾਲਾ ਵਿਖੇ ਮੇਰੇ ਘਰ ਵਿਚ ਹੀ ਰਹਿ ਰਿਹਾ ਸੀ ਅਤੇ ਕੁੱਝ ਦਿਨਾਂ ਤੋਂ ਵੱਡਾ ਲੜਕਾ ਕੁਲਵਿੰਦਰ ਸਿੰਘ ਉਰਫ ਮੰਗਾ ਵੀ ਘਰ ਆਇਆ ਸੀ ਅਤੇ ਛੋਟੇ ਬੇਟੇ ਨਾਲ ਘਰ ਵਿਚ ਰਹਿ ਰਿਹਾ ਸੀ।

ਅਜੀਤ ਸਿੰਘ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਸ ਨੂੰ ਮੇਰੇ ਛੋਟੇ ਲੜਕੇ ਨੇ ਦੱਸਿਆ ਸੀ ਕਿ ਕੁਲਵਿੰਦਰ ਸਿੰਘ ਉਰਫ ਮੰਗਾ ਨੇ ਘਰ ਵਿਚ ਪਈ ਫਰਿੱਜ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਵੇਚ ਦਿੱਤੀ ਹੈ, ਜਿਸ ਕਰ ਕੇ ਸਾਡੇ ਦੋਨਾਂ ਭਰਾਵਾਂ ਵਿਚ ਝਗੜਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਕਲਯੁਗੀ ਪੁੱਤ ਦਾ ਕਾਰਾ, ਬਿਨਾਂ ਪੁੱਛੇ ਇਨਵਰਟਰ ਲਿਆਉਣ 'ਤੇ ਮਾਂ ਦਾ ਇੱਟ ਮਾਰ ਕੇ ਕਰ'ਤਾ ਕਤਲ

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਬੀਤੀ 8 ਮਈ ਨੂੰ ਵਕਤ ਕਰੀਬ 10 ਵਜੇ ਉਹ ਆਪਣੀ ਡਿਊਟੀ ’ਤੇ ਸੀ ਕਿ ਕੁਲਵਿੰਦਰ ਸਿੰਘ ਉਰਫ ਮੰਗਾ ਨੇ ਉਸਨੂੰ ਫੋਨ ਕਰ ਕੇ ਦੱਸਿਆ ਕਿ ਸਾਡੇ ਦੋਵਾਂ ਭਰਾਵਾਂ ਵਿਚ ਫਰਿੱਜ ਵੇਚਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਗੁੱਸੇ ਵਿਚ ਆ ਕੇ ਮੈਂ ਆਪਣੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਹੈ ਅਤੇ ਜਿਸਦੀ ਲਾਸ਼ ਬਾਕਸ ਬੈੱਡ ਵਿਚ ਬੰਦ ਕਰ ਦਿੱਤੀ ਹੈ, ਤੁਸੀਂ ਆ ਕੇ ਉਸ ਨੂੰ ਸਾਂਭ ਲਵੋ।

ਇਸ ਦੌਰਾਨ ਉਹ ਉਸੇ ਦਿਨ ਸ਼ਾਮ ਨੂੰ ਆਪਣੇ ਪਿੰਡ ਨਡਾਲਾ ਪੁੱਜ ਕੇ ਆਪਣੇ ਪਿੰਡ ਦੇ ਮਨਜੀਤ ਸਿੰਘ ਪੁੱਤਰ ਹਰਦੇਵ ਸਿੰਘ ਨੂੰ ਨਾਲ ਲੈ ਕੇ ਆਪਣੇ ਘਰ ਪੁੱਜਾ, ਜਿੱਥੇ ਦੇਖਿਆ ਕਿ ਸਾਡੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਉਸ ਨੇ ਮਨਜੀਤ ਸਿੰਘ ਅਤੇ ਹੋਰ ਮੁਹੱਲੇ ਵਾਲਿਆਂ ਦੀ ਹਾਜ਼ਰੀ ’ਚ ਆਪਣੇ ਘਰ ਦਾ ਤਾਲਾ ਤੋੜ ਕੇ ਘਰ ਅੰਦਰ ਜਾ ਕੇ ਦੇਖਿਆ ਤਾਂ ਕਮਰੇ ਅੰਦਰ ਪਏ ਬਾਕਸ ਬੈੱਡ ਜਿਸ ਵਿਚੋਂ ਬਦਬੂ ਆ ਰਹੀ ਸੀ, ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਛੋਟੇ ਲੜਕੇ ਸੁਖਵਿੰਦਰ ਸਿੰਘ ਉਰਫ ਨਿੱਕਾ ਉਰਫ ਗੁਰਜੰਟ ਸਿੰਘ ਦੀ ਲਾਸ਼ ਪਈ ਸੀ, ਜਿਸ ਦੀ ਲਾਸ਼ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ।

ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕੁਲਵਿੰਦਰ ਸਿੰਘ ਉਰਫ ਮੰਗੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News