ਟੈਕਸੀ ਚਾਲਕ ਦੀ ਮੌਤ ਦੇ ਮਾਮਲੇ ''ਚ ਪੁਲਸ ਨੇ ਨਹੀਂ ਕੀਤਾ ਮਾਮਲਾ ਦਰਜ

Monday, Jun 18, 2018 - 04:29 AM (IST)

ਟੈਕਸੀ ਚਾਲਕ ਦੀ ਮੌਤ ਦੇ ਮਾਮਲੇ ''ਚ ਪੁਲਸ ਨੇ ਨਹੀਂ ਕੀਤਾ ਮਾਮਲਾ ਦਰਜ

ਚੰਡੀਗੜ੍ਹ, (ਸੁਸ਼ੀਲ)- ਸਹੁਰਾ ਪੱਖ ਤੇ ਮਹਿਲਾ ਹੈੱਡ ਕਾਂਸਟੇਬਲ ਤੋਂ ਤੰਗ ਆ ਕੇ ਟੈਕਸੀ ਚਾਲਕ ਸੈਕਟਰ-40 ਦੇ ਅਮਨਦੀਪ ਸੈਣੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ 10 ਦਿਨਾਂ ਬਾਅਦ ਵੀ ਚੰਡੀਗੜ੍ਹ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਪੁਲਸ ਦੀ ਜਾਂਚ ਤੋਂ ਖਫਾ ਹੋ ਕੇ ਮ੍ਰਿਤਕ ਅਮਨਦੀਪ ਸੈਣੀ ਦੇ ਜੀਜਾ ਅਜੀਤ ਸਿੰਘ ਆਪਣੇ ਪਰਿਵਾਰ ਸਮੇਤ ਐੱਸ. ਐੱਸ. ਪੀ. ਨੂੰ ਮਿਲੇ। ਉਨ੍ਹਾਂ ਐੱਸ. ਐੱਸ. ਪੀ. ਨੂੰ ਦੱਸਿਆ ਕਿ 10 ਦਿਨਾਂ ਬਾਅਦ ਵੀ ਅਮਨਦੀਪ ਸੈਣੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ, ਜਿਨ੍ਹਾਂ 'ਚ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ, ਉਸਦਾ ਭਰਾ, ਸਹੁਰਾ ਜਰਨੈਲ ਸਿੰਘ, ਸੱਸ ਪਰਮਜੀਤ ਕੌਰ, ਪਤਨੀ ਦੇ ਤਾਇਆ ਕਰਨੈਲ ਸਿੰਘ, ਪਤਨੀ ਦੀ ਤਾਈ ਤੇ ਹੈੱਡ ਕਾਂਸਟੇਬਲ ਆਸ਼ਾ ਸ਼ਰਮਾ ਸ਼ਾਮਲ ਹਨ, 'ਤੇ ਮਾਮਲਾ ਦਰਜ ਨਹੀਂ ਕੀਤਾ ਹੈ।  ਉਨ੍ਹਾਂ ਐੱਸ. ਐੱਸ. ਪੀ. ਨੂੰ ਦੱਸਿਆ ਸੀ ਕਿ ਸੁਸਾਈਡ ਨੋਟ ਪੁਲਸ ਕੋਲ ਹੈ, ਇਸਦੇ ਬਾਵਜੂਦ ਜਾਂਚ ਅਧਿਕਾਰੀ ਕੇਸ ਦਰਜ ਨਹੀਂ ਕਰ ਰਿਹਾ ਹੈ। ਐੱਸ. ਐੱਸ. ਪੀ. ਨੇ ਮ੍ਰਿਤਕ ਦੇ ਪਰਿਵਾਰ ਨੂੰ ਪੁਲਸ ਵਲੋਂ ਛੇਤੀ ਤੋਂ ਛੇਤੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਥੇ ਹੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਅਮਨਦੀਪ ਕੋਲੋਂ ਮਿਲੇ ਸੁਸਾਈਡ ਨੋਟ ਦੀ ਜਾਂਚ ਸੀ. ਐੱਫ. ਐੱਸ. ਐੱਲ. ਤੋਂ ਕਰਵਾ ਰਹੀ ਹੈ।  
ਇਹ ਸੀ ਮਾਮਲਾ
ਸੈਕਟਰ-40 ਨਿਵਾਸੀ ਟੈਕਸੀ ਚਾਲਕ ਅਮਨਦੀਪ ਸੈਣੀ ਨੇ ਸਹੁਰਾ ਪੱਖ ਤੇ ਮਹਿਲਾ ਹੈੱਡ ਕਾਂਸਟੇਬਲ ਤੋਂ ਤੰਗ ਆ ਕੇ ਫਾਹ ਲੈ ਲਿਆ ਸੀ। ਸੁਸਾਈਡ ਨੋਟ 'ਚ ਉਸਨੇ ਆਪਣੀ ਮੌਤ ਦੇ ਜ਼ਿੰਮੇਵਾਰ ਪਤਨੀ ਕੁਲਵਿੰਦਰ ਕੌਰ, ਉਸਦੇ ਭਰਾ, ਸਹੁਰੇ ਜਰਨੈਲ ਸਿੰਘ, ਸੱਸ ਪਰਮਜੀਤ ਕੌਰ, ਪਤਨੀ ਦੇ ਤਾਏ ਕਰਨੈਲ ਸਿੰਘ, ਪਤਨੀ ਦੀ ਤਾਈ ਤੇ ਹੈੱਡ ਕਾਂਸਟੇਬਲ ਆਸ਼ਾ ਸ਼ਰਮਾ ਨੂੰ ਠਹਿਰਾਇਆ ਸੀ। ਵਿਆਹ ਤੋਂ ਬਾਅਦ ਹੀ ਅਮਨਦੀਪ ਦਾ ਉਸਦੀ ਪਤਨੀ ਕੁਲਵਿੰਦਰ ਕੌਰ ਨਾਲ ਵਿਵਾਦ ਚੱਲ ਰਿਹਾ ਸੀ। ਕੁਲਵਿੰਦਰ ਕੌਰ ਨੇ ਆਪਣੇ ਪਤੀ ਅਮਨਦੀਪ 'ਤੇ ਪੰਚਕੂਲਾ ਸਥਿਤ ਰਾਇਪੁਰਰਾਨੀ 'ਚ ਮਾਮਲਾ ਦਰਜ ਕਰਵਾਇਆ ਹੋਇਆ ਹੈ।


Related News