ਗਿੱਦੜਬਾਹਾ : ਪੁਲਸ ਹਿਰਾਸਤ 'ਚ ਨੌਜਵਾਨ ਵਲੋਂ ਖੁਦਕੁਸ਼ੀ, ਲੜਕੀ ਨੂੰ ਭਜਾਉਣ ਦੇ ਦੋਸ਼ 'ਚ ਕੀਤਾ ਸੀ ਕਾਬੂ (ਵੀਡੀਓ)
Thursday, Nov 01, 2018 - 10:33 AM (IST)
ਗਿੱਦੜਬਾਹਾ (ਕੁਲਭੂਸ਼ਨ) - ਲੜਕੀ ਨੂੰ ਭਜਾਉਣ ਦੇ ਦੋਸ਼ 'ਚ ਗਿੱਦੜਬਾਹਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ 22 ਸਾਲਾ ਇਕ ਨੌਜਵਾਨ ਵਲੋਂ ਗ੍ਰਿਫ਼ਤਾਰੀ ਦੇ ਕੁਝ ਘੰਟਿਆਂ ਬਾਅਦ ਹੀ ਥਾਣੇ ਦੇ ਲਾਕਅੱਪ 'ਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਥਾਣਾ ਗਿੱਦੜਬਾਹਾ ਪੁਲਸ ਨੇ ਉਕਤ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਬਲਰਾਜ ਸਿੰਘ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾ ਕੇ ਲਿਜਾਣ ਦਾ ਮਾਮਲਾ ਦਰਜ ਕੀਤਾ ਸੀ ਜਦਕਿ ਲੜਕੀ ਦੀ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ। ਉਹ 5ਵੀਂ ਪਾਸ ਕਰਨ ਉਪਰੰਤ ਘਰ 'ਚ ਹੀ ਰਹਿੰਦੀ ਸੀ।ਬੀਤੀ ਦੇਰ ਸ਼ਾਮ ਪੁਲਸ ਨੇ ਬਲਰਾਜ ਸਿੰਘ ਅਤੇ ਲੜਕੀ ਨੂੰ ਕਾਬੂ ਕਰਕੇ ਲੜਕੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਪਰ ਪੁਲਸ ਨੇ ਨੌਜਵਾਨ ਨੂੰ ਥਾਣੇ ਦੇ ਲਾਕਅੱਪ 'ਚ ਬੰਦ ਕਰ ਦਿੱਤਾ, ਜਿੱਥੇ ਨੌਜਵਾਨ ਨੇ ਆਪਣੇ ਪਜਾਮੇ ਦੇ ਨਾਲੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਣ 'ਤੇ ਪੁਲਸ ਨੇ ਉਕਤ ਨੌਜਵਾਨ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾ. ਜਸ਼ਨਪ੍ਰੀਤ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਡਾ. ਜਸ਼ਨਪ੍ਰੀਤ ਨੇ ਦੱਸਿਆ ਕਿ ਪੁਲਸ ਦੇਰ ਸ਼ਾਮ ਨੌਜਵਾਨ ਨੂੰ ਹਸਪਤਾਲ ਲੈ ਕੇ ਆਈ ਸੀ, ਜੋ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਦੱਸ ਦੇਈਏ ਕਿ ਪੁਲਸ ਨੇ ਮੀਡੀਆ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਥਾਣਾ ਗਿੱਦੜਬਾਹਾ ਤੋਂ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਹਿਰਾਸਤ 'ਚ ਖੁਦਕੁਸ਼ੀ ਕਰ ਲਈ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਉਣਗੇ। ਦੂਜੇ ਪਾਸੇ ਮ੍ਰਿਤਕ ਬਲਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਵਿਭਾਗ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।