ਲੁੱਟ ਦੀਆਂ ਵਾਰਦਾਤਾਂ ਰੋਕਣ ਲਈ ਪੁਲਸ ਨੇ ਮੰਗਿਆ ਫੈਕਟਰੀ ਮਾਲਕਾਂ ਤੋਂ ਸਹਿਯੋਗ
Saturday, Jun 16, 2018 - 01:05 PM (IST)

ਸਾਹਨੇਵਾਲ : ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਇਲਾਕੇ ਕੰਗਣਵਾਲ 'ਚ ਆਏ ਦਿਨ ਹੁੰਦੀਆਂ ਚੋਰੀਆਂ, ਝਪਟਮਾਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਏ. ਡੀ. ਸੀ. ਪੀ.-2 ਸੰਦੀਪ ਸ਼ਰਮਾ ਦੀ ਅਗਵਾਈ ਹੇਠ ਏ. ਸੀ. ਪੀ. ਹਰਮਨਦੀਪ ਸਿੰਘ ਭੁੱਲਰ ਅਤੇ ਥਾਣਾ ਮੁਖੀ ਇੰਸਪੈਕਟਰ ਸਤਵਿੰਦਰ ਸਿੰਘ ਵੱਲੋਂ ਕੰਗਣਵਾਲ ਅਧੀਨ ਆਉਂਦੀਆਂ ਸਾਰੀਆਂ ਇੰਡਸਟਰੀ ਇਕਾਈਆਂ ਦੇ ਮਾਲਕਾਂ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਦੌਰਾਨ ਏ. ਡੀ. ਸੀ. ਪੀ. ਸ਼ਰਮਾ ਨੇ ਸਮੂਹ ਫੈਕਟਰੀ ਮਾਲਕਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਜਿਥੇ ਆਪਣੀਆਂ ਫੈਕਟਰੀ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਅਤੇ ਸੁਰੱਖਿਆ ਕਰਮਚਾਰੀ ਨਿਯੁਕਤ ਕਰਨ, ਉਥੇ ਹੀ ਆਪਣੇ ਕਰਮਚਾਰੀਆਂ ਨੂੰ ਵੀ ਸੁਚੇਤ ਰਹਿਣ ਲਈ ਸਮੇਂ-ਸਮੇਂ ਸਿਰ ਜਾਗਰੂਕ ਕਰਦੇ ਰਹਿਣ।
ਉਨ੍ਹਾਂ ਕਿਹਾ ਕਿ ਜਿਥੇ ਜ਼ਿਲਾ ਪੁਲਸ ਆਮ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਉਥੇ ਹੀ ਉਹ ਫੈਕਟਰੀ ਮਾਲਕਾਂ ਅਤੇ ਆਮ ਲੋਕਾਂ ਤੋਂ ਵੀ ਪੂਰਨ ਸਹਿਯੋਗ ਦੀ ਮੰਗ ਕਰਦੀ ਹੈ, ਜਿਸ ਦੇ ਬਾਅਦ ਫੈਕਟਰੀ ਮਾਲਕਾਂ ਨੇ ਪੁਲਸ ਅਧਿਕਾਰੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਆਪਣੇ ਵਰਕਰਾਂ ਦੇ ਹਿੱਤਾਂ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।