48 ਘੰਟਿਆਂ ਬਾਅਦ ਵੀ 2 ਕਤਲ ਕੇਸਾਂ ਦੀ ਗੁੱਥੀ ਨਹੀਂ ਸੁਲਝਾ ਸਕੀ ਪੁਲਸ

06/18/2017 2:33:47 PM


ਹੁਸ਼ਿਆਰਪੁਰ(ਜ. ਬ.)-ਸ਼ਹਿਰ 'ਚ 2 ਕਤਲ ਹੋਣ ਤੋਂ ਬਾਅਦ 48 ਘੰਟੇ ਬੀਤ ਜਾਣ 'ਤੇ ਵੀ ਪੁਲਸ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ। ਮਾਮਲੇ ਦੀ ਤਫਤੀਸ਼ 'ਚ ਜੁਟੀ ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ। ਮਦਨ ਕਤਲ ਕੇਸ 'ਚ ਐੱਸ. ਪੀ. ਪਰਿਵਾਰਕ ਮੈਂਬਰਾਂ ਵੱਲੋਂ ਸਹਿਯੋਗ ਨਾ ਕਰਨ ਦੀ ਗੱਲ ਕਰ ਰਹੇ ਹਨ ਅਤੇ ਮਾਸੂਮ ਦੀਪਕ ਕਤਲ ਕੇਸ 'ਚ ਡੀ. ਐੱਸ. ਪੀ. ਪੁਲਸ ਟੀਮਾਂ ਭੇਜਣ ਦੀ ਗੱਲ ਕਰ ਰਹੇ ਹਨ। ਕੁਲ ਮਿਲਾ ਕੇ ਦੋਵਾਂ ਮਾਮਲਿਆਂ 'ਚ ਪੁਲਸ ਤਫਤੀਸ਼ ਹੱਥ ਲਟਕਾ ਰਹੀ ਹੈ। 
ਵਰਣਨਯੋਗ ਹੈ ਕਿ 15 ਜੂਨ ਨੂੰ ਬਿਨਾਂ ਦੱਸੇ ਘਰੋਂ ਨਿਕਲੇ ਸੀ. ਆਰ. ਪੀ. ਐੱਫ. ਦੇ ਸਾਬਕਾ ਏ. ਐੱਸ. ਆਈ. ਮਦਨ ਲਾਲ ਪੁੱਤਰ ਮਿਲਖੀ ਰਾਮ ਵਾਸੀ ਪਿੰਡ ਲੰਮੇ ਕਾਣੇ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਮੂੰਹ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਹੱਥ 'ਚ ਪਾਇਆ ਸੋਨੇ ਦਾ ਕੜਾ ਤੇ ਪਰਸ ਵੀ ਕਾਤਲਾਂ ਨੇ ਚੋਰੀ ਕਰ ਲਿਆ ਸੀ। ਮਾਮਲੇ ਦੀ ਤਫਤੀਸ਼ ਕਰ ਰਹੇ ਐੱਸ. ਪੀ. ਸਪੈਸ਼ਲ ਬ੍ਰਾਂਚ ਅਮਰੀਕ ਸਿੰਘ ਪੁਆਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਘਟਨਾ ਤੋਂ ਬਾਅਦ 48 ਘੰਟੇ ਬੀਤ ਜਾਣ 'ਤੇ ਜਦੋਂ ਐੱਸ. ਪੀ. ਸਪੈਸ਼ਲ ਬ੍ਰਾਂਚ ਕੋਲੋਂ ਕਾਤਲਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਤਫਤੀਸ਼ ਚੱਲ ਰਹੀ ਹੈ, ਨਾਲ ਹੀ ਕਿਹਾ ਕਿ ਮਦਨ ਲਾਲ ਦੇ ਪਰਿਵਾਰਕ ਮੈਂਬਰ ਪੁਲਸ ਕਾਰਵਾਈ 'ਚ ਸਹਿਯੋਗ ਨਹੀਂ ਕਰ ਰਹੇ।


Related News