ਫੈਸਲਾ ਕਰਨ ਲਈ ਪੁਲਸ ਥਾਣੇ ਬੁਲਾ ਕੇ ਕੁੱਟ-ਮਾਰ ਦੇ ਲਾਏ ਦੋਸ਼
Friday, Jun 22, 2018 - 05:42 AM (IST)

ਅੰਮ੍ਰਿਤਸਰ, (ਛੀਨਾ)- ਗੁਰਪ੍ਰੀਤ ਕੌਰ ਪਤਨੀ ਸਵ. ਹਰਭਜਨ ਸਿੰਘ ਵਾਸੀ ਕੋਟ ਖਹਿਰਾ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਦੀ ਮੌਜੂਦਗੀ ’ਚ ਸਾਡੇ ਪਰਿਵਾਰ ਨਾਲ ਥਾਣੇ ’ਚ ਭਾਰੀ ਕੁੱਟ-ਮਾਰ ਹੋਈ ਤੇ ਉਲਟਾ ਪੁਲਸ ਨੇ ਸਾਡੇ ’ਤੇ ਹੀ ਝੂਠਾ ਮੁਕੱਦਮਾ ਵੀ ਦਰਜ ਕਰ ਦਿੱਤਾ। ਉਸ ਨੇ ਦੱਸਿਆ ਕਿ ਮੇਰੇ ਭਰਾ ਹਰਜਿੰਦਰ ਸਿੰਘ ਤੇ ਭਰਜਾਈ ਨਵਜੋਤ ਕੌਰ ’ਚ ਅਣਬਣ ਹੋ ਗਈ ਸੀ, ਜਿਸ ਸਬੰਧੀ ਲਡ਼ਕੀ ਪਰਿਵਾਰ ਦੀ ਸ਼ਿਕਾਇਤ ’ਤੇ ਸਾਨੂੰ 13 ਜੂਨ ਨੂੰ ਪੁਲਸ ਥਾਣਾ ਖਿਲਚੀਅਾਂ ਵਿਖੇ ਫੈਸਲਾ ਕਰਨ ਲਈ ਸੱਦਿਆ ਗਿਆ ਸੀ, ਜਿਥੇ ਲਡ਼ਕੀ ਪਰਿਵਾਰ ਨੇ ਪੁਲਸ ਦੀ ਮੌਜੂਦਗੀ ’ਚ ਮੇਰੇ ਨਾਲ ਗਾਲੀ-ਗਲੋਚ ਕਰਦਿਆਂ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮੇਰੇ ਭਰਾ ਹਰਜਿੰਦਰ ਸਿੰਘ, ਮਾਂ, ਭੈਣ ਪਲਵਿੰਦਰ ਕੌਰ ਤੇ ਉਸ ਦਾ ਪਤੀ ਰਣਜੀਤ ਸਿੰਘ ਮੈਨੂੰ ਛੁਡਵਾਉਣ ਲਈ ਅੱਗੇ ਆਏ ਤਾਂ ਲਡ਼ਕੀ ਪਰਿਵਾਰ ਨੇ ਉਨ੍ਹਾਂ ਨਾਲ ਵੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਕੌਰ ਨੇ ਦੋਸ਼ ਲਾਉਂਦਿਅਾਂ ਕਿਹਾ ਕਿ ਇਹ ਸਾਰੀ ਘਟਨਾ ਪੁਲਸ ਦੀ ਮੌਜੂਦਗੀ ’ਚ ਵਾਪਰੀ ਪਰ ਪੁਲਸ ਨੇ ਲਡ਼ਕੀ ਪਰਿਵਾਰ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਬਜਾਏ ਉਲਟਾ ਸਾਡੇ ’ਤੇ ਹੀ ਝੂਠਾ ਪੁਲਸ ਕੇਸ ਦਰਜ ਕਰ ਦਿੱਤਾ। ਗੁਰਪ੍ਰੀਤ ਕੌਰ ਨੇ ਪੁਲਸ ਦੇ ਉੱਚ ਅਧਿਕਾਰੀਅਾਂ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਅਸਲ ਦੋਸ਼ੀਅਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ। ਇਸ ਸਬੰਧੀ ਜਦੋਂ ਪੁਲਸ ਥਾਣਾ ਖਿਲਚੀਅਾਂ ਦੇ ਇੰਚਾਰਜ ਅਵਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਗੁਰਪ੍ਰੀਤ ਕੌਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਅਾਂ ਕਿਹਾ ਕਿ ਕੁੱਟ-ਮਾਰ ਲਡ਼ਕੀ ਪਰਿਵਾਰ ਨੇ ਨਹੀਂ ਬਲਕਿ ਗੁਰਪ੍ਰੀਤ ਕੌਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਡ਼ਕੀ ਪਰਿਵਾਰ ਨਾਲ ਕੀਤੀ ਸੀ, ਜਿਸ ਕਾਰਨ ਸਾਰੀ ਜਾਂਚ-ਪਡ਼ਤਾਲ ਤੋਂ ਬਾਅਦ ਹੀ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।