ਪੁਲਸ ਨੇ ਨਸ਼ੇ ਦੇ ਵਪਾਰੀਅਾਂ ਦੀ ਕਮਰ ਤੋੜੀ
Tuesday, Jul 10, 2018 - 05:40 AM (IST)
ਨਾਭਾ, (ਭੁਪਿੰਦਰ ਭੂਪਾ)- ਪੰਜਾਬ ਸਰਕਾਰ ਵੱਲੋਂ ਨਸ਼ਾ-ਵਿਰੋਧੀ ਮੁਹਿੰਮ ਅਧੀਨ ਸਰਗਰਮ ਹੋਈ ਪੰਜਾਬ ਪੁਲਸ ਦੇ ਡਰੋਂ ਕਈ ਨਸ਼ਾ ਸਮੱਗਲਰ ਰੂਪੋਸ਼ ਹੋ ਗਏ ਹਨ। ਜ਼ਿਕਰਯੋਗ ਹੈ ਕਿ ਨਾਭਾ ਦੇ ਰੋਹਟੀ ਪੁਲ ਦਾ ਇਲਾਕਾ ਨਸ਼ੇ ਦੇ ਵਪਾਰ ਦਾ ਗਡ਼੍ਹ ਮੰਨਿਆ ਜਾਂਦਾ ਹੈ। ਇਥੇ ਭੁੱਕੀ ਤੋਂ ਲੈ ਕੇ ਅਫੀਮ, ਸਮੈਕ, ਚਿੱਟਾ ਸਮੇਤ ਹਰ ਨਸ਼ਾ ਭੁਗਤਾਨ ਦੇ ਕੇ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਸੀ। ਆਸਪਾਸ ਦੇ ਅੱਧੀ ਦਰਜਨ ਜ਼ਿਲਿਆਂ ਦੇ ਨਸ਼ੱਈ ਵੀ ਨਸ਼ੇ ਦੇ ਖਰੀਦਦਾਰ ਦੱਸੇ ਜਾਂਦੇ ਹਨ।
ਧਿਆਨਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਸਾਬਕਾ ਐੈੱਸ. ਐੈੱਸ. ਪੀ. ਪਟਿਆਲਾ ਹਰਦਿਆਲ ਸਿੰਘ ਮਾਨ ਨੇ ਵੀ ਉੱਦਮ ਕਰ ਕੇ ਨਸ਼ੇ ਦੀਆਂ ਵਸਤਾਂ ਦਾ ਵਪਾਰ ਕਰਦੇ ਇਨ੍ਹਾਂ ਸੈਂਹਸੀ ਪਰਿਵਾਰਾਂ ਨੂੰ ਧਾਰਮਕ ਅਸਥਾਨ ’ਤੇ ਇਕੱਤਰ ਕਰ ਕੇ ਸਹੁੰ ਖੁਆਈ ਸੀ ਕਿ ਉਹ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਨਸ਼ੇ ਵਾਲੀਅਾਂ ਵਸਤਾਂ ਦਾ ਵਪਾਰ ਨਹੀਂ ਕਰਨਗੇ। ਸਬੰਧਤ ਅਧਿਕਾਰੀ ਦਾ ਤਬਾਦਲਾ ਹੁੰਦੇ ਸਾਰ ਹੀ ਇਨ੍ਹਾਂ ਸੈਂਹਸੀ ਪਰਿਵਾਰਾਂ ਨੇ ਨਸ਼ੇ ਦਾ ਵਪਾਰ ਨਾ ਛੱਡਿਆ ਸਗੋਂ ਧਡ਼ੱਲੇ ਨਾਲ ਸ਼ੁਰੂ ਕਰ ਦਿੱਤਾ। ਹੁਣ ਐੈੱਸ. ਐੈੱਸ. ਪੀ. ਪਟਿਆਲਾ ਡਾ. ਭੂਪਤੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡੀ. ਐੈੱਸ. ਪੀ. ਦਵਿੰਦਰ ਅਤਰੀ ਅਤੇ ਇੰਸਪੈਕਟਰ ਬਿੱਕਰ ਸਿੰਘ ਸੋਹੀ ਦੀ ਅਗਵਾਈ ਹੇਠ ਪੁਲਸ ਨੇ ਇਲਾਕੇ ਦੇ ਕਈ ਸਮੱਗਲਰਾਂ ਖਿਲਾਫ ਨਸ਼ੇ ਵਾਲੀਆਂ ਵਸਤਾਂ ਦੀ ਬਰਾਮਦਗੀ ਹੋਣ ’ਤੇ ਮਾਮਲੇ ਦਰਜ ਕਰ ਕੇ ਇਨ੍ਹਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ। ਇਸ ਤੋਂ ਬਾਅਦ ਦਰਜਨਾਂ ਸੈਂਹਸੀ ਪਰਿਵਾਰ ਆਪਣੇ ਘਰਾਂ ਨੂੰ ਤਾਲੇ ਲਾ ਕੇ ਗਾਇਬ ਹੋ ਗਏ ਹਨ। 
ਇਸ ਦੀ ਪੁਸ਼ਟੀ ਕਰਦਿਆਂ ਰੋਹਟੀ ਪੁਲ ਚੌਕੀ ਦੇ ਇੰਚਾਰਜ ਏ. ਐੈੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਨਸ਼ੇ ਦੀ ਕਮਰ ਤੋਡ਼ਨ ਲਈ ਪੰਜਾਬ ਪੁਲਸ ਨੇ ਇੱਥੇ ਪੱਕੇ ਤੌਰ ’ਤੇ ਦਿਨ-ਰਾਤ ਦੀ ਨਾਕਾਬੰਦੀ ਕਰ ਦਿੱਤੀ ਹੈ, ਜਿਸ ਕਾਰਨ ਨਸ਼ਾ ਸਮੱਗਲਰਾਂ ਦੀ ਕਮਰ ਟੁੱਟ ਗਈ ਹੈ। ਮੌਜੂਦਾ ਸਮੇਂ ਨਸ਼ੇ ਦਾ ਵਪਾਰ ਬਿਲਕੁੱਲ ਠੱਪ ਹੋ ਗਿਆ ਹੈ ਅਤੇ ਵਪਾਰੀ ਆਪਣੇ ਘਰਾਂ ਨੂੰ ਤਾਲੇ ਲਾ ਕੇ ਭੱਜ ਗਏ ਹਨ।
ਸਮੱਗਲਰਾਂ ਦੀ ਸੂਚਨਾ ਪੁਲਸ ਨੂੰ ਮੁਹੱਈਆ ਕਰਵਾਉਣ ਇਲਾਕਾ ਵਾਸੀ : ਪੁਲਸ ਅਧਿਕਾਰੀ
ਪੁਲਸ ਦੀ ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀ. ਐੈੱਸ. ਪੀ. ਦਵਿੰਦਰ ਸਿੰਘ ਅਤਰੀ ਅਤੇ ਸਦਰ ਥਾਣਾ ਨਾਭਾ ਦੇ ਇੰਚਾਰਜ ਬਿੱਕਰ ਸਿੰਘ ਸੋਹੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦੇਸ਼ ਦੇ ਭਵਿੱਖ ਵਜੋਂ ਜਾਣੇ ਜਾਂਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਇਲਾਕਾ ਵਾਸੀਆਂ ਨੂੰ ਪੁਲਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਸਮੱਗਲਰਾਂ ਖਿਲਾਫ ਤੁਰੰਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ।
