ਪੁਲਸ ਨੇ ਨਾਕੇ ’ਤੇ ਗ੍ਰਿਫ਼ਤਾਰ ਕੀਤੇ ਪਤੀ-ਪਤਨੀ, ਜਾਣੋ ਕੀ ਹੈ ਪੂਰਾ ਮਾਮਲਾ
Saturday, May 14, 2022 - 01:35 PM (IST)
ਪਟਿਆਲਾ (ਬਲਜਿੰਦਰ) : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਮੁਖੀ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦਾ ਕੰਮ ਕਰਨ ਵਾਲੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਵਿੱਢੀ ਮੁਹਿੰਮ ਤਹਿਤ ਐੱਸ. ਟੀ. ਐੱਫ. ਪਟਿਆਲਾ ਰੇਂਜ ਵੱਲੋਂ ਪਤੀ-ਪਤਨੀ ਨੂੰ ਸਮੈਕ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪਿਆਰਾ ਸਿੰਘ ਸਮੇਤ ਐੱਸ. ਟੀ. ਐੱਫ. ਕਰਮਚਾਰੀਆਂ ਨਾਲ ਨਸ਼ਾ-ਸਮੱਗਲਰਾਂ ਦੀ ਚੈਕਿੰਗ ਸਬੰਧੀ ਨੇੜੇ ਰਾਜਪੁਰਾ ਕਾਲੋਨੀ ਖਾਲੀ ਪਲਾਟਾਂ ਨੇੜੇ ਮੌਜੂਦ ਸੀ। ਉਨ੍ਹਾਂ ਨੂੰ ਮੁਖ਼ਬਰ ਨੇ ਗੁਪਤ ਇਤਲਾਹ ਦਿੱਤੀ ਕਿ ਵਰਿੰਦਰ ਸਿੰਘ ਅਤੇ ਇਸ ਦੀ ਪਤਨੀ ਅੰਮ੍ਰਿਤਪਾਲ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ ਪਟਿਆਲਾ ਜੋ ਇਹ ਦੋਵੇਂ ਪਤੀ-ਪਤਨੀ ਆਪਸ ’ਚ ਰਲ ਕੇ ਸਮੈਕ ਵੇਚਣ ਦਾ ਕੰਮ ਕਰਦੇ ਹਨ। ਅੱਜ ਦੋਵੇਂ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਨੇੜੇ ਵੀਰ ਸਿੰਘ ਦੀਆਂ ਮੜ੍ਹੀਆਂ ਪਾਸ ਆਪਣੇ ਕਿਸੇ ਗਾਹਕ ਨੂੰ ਸਮੈਕ ਦੇਣ ਆਉਣਗੇ।
ਇਹ ਵੀ ਪੜ੍ਹੋ : ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ
ਇਸ ਸੂਚਨਾ ਦੇ ਅਧਾਰ ’ਤੇ ਉਕਤ ਵਿਅਕਤੀਆਂ ਵਿਰੁੱਧ ਥਾਣਾ ਐੱਸ. ਟੀ. ਐੱਫ. ਵਿਖੇ ਐੱਨ. ਡੀ. ਪੀ. ਐੱਸ. ਐਕਟ ਦਰਜ ਕਰਕੇ ਕਾਰਵਾਈ ਕਰਦਿਆਂ ਏ. ਐੱਸ. ਆਈ. ਸਵਤੰਤਰਪਾਲ ਸਿੰਘ ਨੇ ਸਮੇਤ ਕਰਮਚਾਰੀਆਂ ਨਾਲ ਨਾਕਾਬੰਦੀ ਕੀਤੀ ਤਾਂ ਉਕਤ ਦੋਵਾਂ ਨੂੰ 101 ਗ੍ਰਾਮ ਸਮੈਕ ਸਮੇਤ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਇਹ ਦੋਵੇਂ ਜਾਣੇ ਕਾਫ਼ੀ ਸਮੇਂ ਤੋਂ ਸਮੈਕ ਵੇਚਣ ਦਾ ਕੰਮ ਕਰਦੇ ਆ ਰਹੇ ਹਨ, ਜੋ ਇਹ ਸਮੈਕ ਹਰਿਆਣੇ ਤੋਂ ਕਿਸੇ ਅਣਪਛਾਤੇ ਵਿਅਕਤੀ ਤੋਂ ਲੈ ਕੇ ਆਏ ਸਨ। ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ ਖ਼ਿਲਾਫ 2 ਮੁਕੱਦਮੇ ਐੱਨ. ਡੀ. ਪੀ. ਐੱਸ. ਐਕਟ ਅਤੇ ਇਕ ਚੋਰੀ ਦਾ ਕੇਸ ਦਰਜ ਹੈ। ਦੋਵਾਂ ਨੂੰ ਅਦਾਲਤ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਅਤੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੋਹਾਲੀ ਧਮਾਕਾ ਮਾਮਲੇ ’ਚ ਨਵਾਂ ਮੋੜ, ਗਾਇਕ ਕਰਨ ਔਜਲਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?