ਪੁਲਸ ਨੇ ਨੰਬਰਦਾਰ ਨੂੰ ਕੀਤਾ ਗ੍ਰਿਫਤਾਰ
Monday, Mar 12, 2018 - 01:54 AM (IST)
ਫਿਰੋਜ਼ਪੁਰ, (ਕੁਮਾਰ)— ਡੀ. ਸੀ. ਦਫਤਰ ਫਿਰੋਜ਼ਪੁਰ ਦੀ ਐੱਚ. ਆਰ. ਸੀ. ਬ੍ਰਾਂਚ 'ਚੋਂ ਚੋਰੀ ਹੋਏ ਰਿਕਾਰਡ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਬੀਤੀ 27 ਫਰਵਰੀ ਨੂੰ ਮੁਕੱਦਮਾ ਨੰ. 25 ਦਰਜ ਕੀਤਾ ਸੀ, ਜਿਸ ਵਿਚ ਰੋਬਿਨ ਸਚਦੇਵਾ ਰਿਕਾਰਡ ਕੀਪਰ ਦੇ ਬਿਆਨਾਂ 'ਤੇ ਸਦਰ ਕਾਨੂੰਨਗੋ ਰਿਕਾਰਡ ਰੂਮ ਵਿਚ ਲੱਗੇ ਹੈਲਪਰ ਬਿੱਟੂ ਸਿੰਘ ਅਤੇ ਅਸ਼ੋਕ ਕੁਮਾਰ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ। ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਮਨਮੋਹਨ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਹੈਲਪਰ ਬਿੱਟੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਤੋਂ ਚੋਰੀ ਹੋਏ ਸਰਕਾਰੀ ਰਿਕਾਰਡ ਦੀਆਂ ਜਿਲਦਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਹੈਲਪਰ ਬਿੱਟੂ ਨੇ ਆਪਣੇ ਸਾਥੀ ਅਸ਼ੋਕ ਕੁਮਾਰ ਦੇ ਕਹਿਣ 'ਤੇ ਇਹ ਸਰਕਾਰੀ ਰਿਕਾਰਡ ਚੋਰੀ ਕੀਤਾ ਸੀ, ਜਿਸ ਨੇ ਅੱਗੇ ਇਹ ਰਿਕਾਰਡ ਨੰਬਰਦਾਰ ਵਿਜੇ ਕੁਮਾਰ ਕੋਹਲੀ ਨੂੰ ਦੇਣਾ ਸੀ। ਡੀ. ਐੱਸ. ਪੀ. ਔਲਖ ਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਨੰਬਰਦਾਰ ਵਿਜੇ ਕੁਮਾਰ ਕੋਹਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਤੀਸਰੇ ਨਾਮਜ਼ਦ ਵਿਅਕਤੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਗ੍ਰਿਫਤਾਰ ਕੀਤੇ ਗਏ ਵਿਜੇ ਕੁਮਾਰ ਕੋਹਲੀ ਨੰਬਰਦਾਰ ਨੇ ਪੁੱਛਣ 'ਤੇ ਲਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ 'ਤੇ ਲਾਏ ਜਾ ਰਹੇ ਸਾਰੇ ਦੋਸ਼ ਝੂਠੇ ਹਨ।
