ਜੀਪ ਚਾਲਕ ਨੇ ਪਹਿਲਾਂ ਮਾਰੀ ਮੋਟਰਸਾਈਕਲ ਸਵਾਰ ਨੂੰ ਟਕੱਰ ਤੇ ਫਿਰ ਕੇਸ ਤੋਂ ਬਚਣ ਲਈ ਕਰ ਦਿੱਤੀ ਅਜਿਹੀ ਘਟੀਆ ਕਰਤੂਤ
Monday, Aug 21, 2017 - 08:20 PM (IST)

ਚੰਡੀਗੜ੍ਹ (ਸੁਸ਼ੀਲ)-ਮੋਟਰਸਾਈਕਲ ਨੂੰ ਟੱਕਰ ਮਾਰਨ ਦੇ ਬਾਅਦ ਐਕਸੀਡੈਂਟ ਦੇ ਕੇਸ ਤੋਂ ਬਚਣ ਲਈ ਜੀਪ ਚਾਲਕ ਨੇ ਮੋਟਰਸਾਈਕਲ ਸਵਾਰ 'ਤੇ ਚੇਨ ਤੇ ਨਕਦੀ ਖੋਹਣ ਦਾ ਦੋਸ਼ ਲਾ ਕੇ ਪੁਲਸ ਨੂੰ ਸੂਚਨਾ ਦਿੱਤੀ। ਮਲੋਆ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਦੋਵਾਂ ਦੇ ਬਿਆਨ ਦਰਜ ਕੀਤੇ। ਪੁਲਸ ਨੇ ਹਾਦਸੇ ਵਾਲੀ ਥਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜੀਪ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਹੈ। ਉਨ੍ਹਾਂ ਵਿਚਕਾਰ ਜਮ ਕੇ ਬਹਿਸ ਹੋਈ ਪਰ ਬਾਈਕ ਸਵਾਰ ਸਨੈਚਿੰਗ ਕਰਦਾ ਨਹੀਂ ਦਿਖਿਆ। ਬਾਅਦ 'ਚ ਜੀਪ ਚਾਲਕ ਨੇ ਦੱਸਿਆ ਕਿ ਉਸਨੇ ਐਕਸੀਡੈਂਟ ਦੇ ਕੇਸ ਤੋਂ ਬਚਣ ਲਈ ਸਨੈਚਿੰਗ ਦੀ ਝੂਠੀ ਸੂਚਨਾ ਪੁਲਸ ਨੂੰ ਦਿੱਤੀ ਸੀ।
ਜਾਣਕਾਰੀ ਮੁਤਾਬਿਕ ਧਨਾਸ ਵਾਸੀ ਮਹਿੰਦਰ ਸਿੰਘ ਕਜਹੇੜੀ 'ਚ ਬਾਂਸ ਦਾ ਸਾਮਾਨ ਬਣਾਉਣ ਦਾ ਕੰਮ ਕਰਦਾ ਹੈ। ਐਤਵਾਰ ਸਵੇਰੇ ਵੀ ਉਹ ਆਪਣੀ ਜੀਪ 'ਚ ਕਜਹੇੜੀ ਨੂੰ ਜਾ ਰਿਹਾ ਸੀ। ਸੈਕਟਰ-38 ਵੈਸਟ ਸਥਿਤ ਪੈਟਰੋਲ ਪੰਪ ਨੇੜੇ ਉਸਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਇਸ ਦੌਰਾਨ ਬਹਿਸ ਦੇ ਬਾਅਦ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮਹਿੰਦਰ ਸਿੰਘ ਦੇ ਥੱਪੜ ਮਾਰ ਦਿੱਤਾ। ਇਸ 'ਤੇ ਮਹਿੰਦਰ ਨੇ ਆਪਣੇ ਬੇਟੇ ਨੂੰ ਘਟਨਾ ਵਾਲੀ ਥਾਂ 'ਤੇ ਬੁਲਾ ਲਿਆ। ਉਹ ਇਸ ਤੋਂ ਡਰ ਵੀ ਗਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ ਉਸਦੀ ਸ਼ਿਕਾਇਤ ਪੁਲਸ 'ਚ ਨਾ ਕਰ ਦੇਣ।
ਇਸ ਤੋਂ ਬਚਣ ਲਈ ਉਸਨੇ ਆਪਣੇ ਬੇਟੇ ਵਿਜੇ ਨੂੰ ਪੁਲਸ ਕੰਟਰੋਲ ਰੂਮ 'ਚ ਕਾਲ ਕਰਕੇ ਦੱਸਣ ਲਈ ਕਿਹਾ ਕਿ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਉਸਦੇ ਪਿਤਾ ਤੋਂ 35 ਹਜ਼ਾਰ ਦੀ ਨਕਦੀ ਤੇ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਹਨ। ਮਲੋਆ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਤਾਂ ਸ਼ਿਕਾਇਤਕਰਤਾ ਨੇ ਆਪਣੀ ਗਲਤੀ ਮੰਨੀ ਤੇ ਫਿਰ ਪੁਲਸ ਨੇ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ।