''ਮੈਂ ਖੁਦਕੁਸ਼ੀ ਕੀਤੀ ਤਾਂ ਐੱਸ. ਐੱਸ. ਪੀ. ਤੇ ਹੋਰ ਪੁਲਸ ਅਧਿਕਾਰੀ ਹੋਣਗੇ ਜ਼ਿੰਮੇਵਾਰ''

Wednesday, Feb 07, 2018 - 07:30 AM (IST)

''ਮੈਂ ਖੁਦਕੁਸ਼ੀ ਕੀਤੀ ਤਾਂ ਐੱਸ. ਐੱਸ. ਪੀ. ਤੇ ਹੋਰ ਪੁਲਸ ਅਧਿਕਾਰੀ ਹੋਣਗੇ ਜ਼ਿੰਮੇਵਾਰ''

ਬਠਿੰਡਾ(ਬਲਵਿੰਦਰ)-'ਮੇਰੇ ਨਾਲ 5 ਲੱਖ ਰੁਪਏ ਦੀ ਠੱਗੀ ਵੱਜੀ ਸੀ, ਮੁਕੱਦਮਾ ਵੀ ਦਰਜ ਹੋਇਆ ਪਰ ਪੁਲਸ ਨੇ ਮੁੱਖ ਮੁਲਜ਼ਮਾਂ ਨੂੰ ਕੇਸ 'ਚੋਂ ਬਾਹਰ ਕਰ ਦਿੱਤਾ, ਜਦਕਿ ਤਿੰਨ ਸਾਲਾਂ 'ਚ ਚਲਾਨ ਵੀ ਪੇਸ਼ ਨਹੀਂ ਕੀਤਾ। ਹੁਣ ਜੇਕਰ ਮੈਂ ਖੁਦਕੁਸ਼ੀ ਕਰ ਲੈਂਦਾ ਹਾਂ ਤਾਂ ਇਸ ਦੀ ਜ਼ਿੰਮੇਵਾਰੀ ਐੱਸ. ਐੱਸ. ਪੀ. ਤੇ ਹੋਰ ਪੁਲਸ ਅਧਿਕਾਰੀਆਂ ਦੀ ਹੋਵੇਗੀ।' ਇਹ ਐਲਾਨ ਅੱਜ ਇੱਥੇ ਲੱਕੀ ਵਾਸੀ ਬਠਿੰਡਾ ਨਾਮਕ ਨੌਜਵਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਲੱਕੀ ਨੇ ਦੱਸਿਆ ਕਿ ਲਾਈਵ ਇੰਡੀਆ ਟ੍ਰੇਡਿੰਗ ਕੰਪਨੀ 'ਚ ਉਸ ਨੇ ਲੱਖਾਂ ਰੁਪਏ ਨਿਵੇਸ਼ ਕੀਤੇ ਸਨ, ਜੋ ਵਿਆਜ ਸਮੇਤ ਮਿਲਣੇ ਸਨ। ਇਸ ਤਰ੍ਹਾਂ ਉਸ ਨਾਲ ਕਰੀਬ 5 ਲੱਖ ਰੁਪਏ ਦੀ ਠੱਗੀ ਵੱਜੀ ਹੈ, ਜਿਸ ਵਾਸਤੇ ਕੰਪਨੀ ਦੇ ਐੱਮ. ਡੀ. ਭੁਪਿੰਦਰ ਗੁਪਤਾ, ਉਸ ਦਾ ਭਰਾ ਬਲਜਿੰਦਰ ਸਿੰਘ, ਪਿਤਾ ਬਲਜੀਤ ਸਿੰਘ, ਅਮਨਦੀਪ ਸਿੰਘ, ਚਮਕੌਰ ਸਿੰਘ ਤੇ ਅਸ਼ੋਕ ਕੁਮਾਰ ਜ਼ਿੰਮੇਵਾਰ ਸਨ। ਇਨ੍ਹਾਂ ਨੇ ਹੀ ਉਸ ਨੂੰ ਵੱਧ ਵਿਆਜ ਦਾ ਝਾਂਸਾ ਦੇ ਕੇ ਫਸਾਇਆ ਸੀ। ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ 5 ਨਵੰਬਰ 2014 ਨੂੰ ਉਕਤ ਵਿਰੁੱਧ ਧੋਖਾਦੇਹੀ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਹੋ ਗਿਆ। ਉਹ ਅਗਲੀ ਕਾਰਵਾਈ ਲਈ ਪੁਲਸ ਤੋਂ ਲਗਾਤਾਰ ਮੰਗ ਕਰਦਾ ਰਿਹਾ ਪਰ ਪੁਲਸ ਟਾਲ-ਮਟੋਲ ਕਰਦੀ ਸੀ।
 ਲੱਕੀ ਨੇ ਕਿਹਾ ਕਿ ਪੁਲਸ ਨੇ ਆਪਣੀ ਜਾਂਚ ਤਹਿਤ ਐੱਮ. ਡੀ. ਦੇ ਭਰਾ ਬਲਜਿੰਦਰ ਸਿੰਘ, ਜੋ ਬਿਜਲੀ ਬੋਰਡ 'ਚ ਨੌਕਰੀ ਕਰਦਾ ਹੈ ਤੇ ਬਲਜੀਤ ਸਿੰਘ, ਜੋ ਸਰਕਾਰੀ ਮੁਲਾਜ਼ਮ ਸੀ 'ਤੇ ਮੁਕੱਦਮਾ ਦਰਜ ਹੋਣ ਕਾਰਨ ਉਸ ਦੀ ਰਿਟਾਇਰਮੈਂਟ ਦਾ ਕੇਸ ਲੰਬਿਤ ਹੋ ਗਿਆ ਸੀ, ਨੂੰ ਬੇਕਸੂਰ ਕਰਾਰ ਦਿੰਦਿਆਂ ਕੇਸ 'ਚੋਂ ਬਾਹਰ ਕੱਢ ਦਿੱਤਾ ਸੀ। ਸੁਭਾਵਿਕ ਹੈ ਕਿ ਪੁਲਸ ਨੇ ਆਪਣੇ ਫਾਇਦੇ ਖਾਤਰ ਹੀ ਉਕਤ ਨੂੰ ਰਾਹਤ ਦਿੱਤੀ। ਲੱਕੀ ਨੇ ਕਿਹਾ ਕਿ ਉਹ ਅਨੇਕਾਂ ਵਾਰ ਪੁਲਸ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਚੁੱਕਾ ਹੈ ਪਰ ਪੁਲਸ ਨੇ ਅਜੇ ਤੱਕ ਮੁਲਜ਼ਮਾਂ ਵਿਰੁੱਧ ਅਦਾਲਤ 'ਚ ਚਲਾਨ ਵੀ ਪੇਸ਼ ਨਹੀਂ ਕੀਤਾ। ਇਸ ਲਈ ਉਹ ਅੱਜ ਐਲਾਨ ਕਰਦਾ ਹੈ ਕਿ ਇਹ ਉਸ ਦੀ ਆਖਰੀ ਪ੍ਰੈੱਸ ਕਾਨਫਰੰਸ ਤੇ ਪੁਲਸ ਤੋਂ ਆਖਰੀ ਮੰਗ ਹੈ ਕਿ ਬੇਕਸੂਰ ਕਰਾਰ ਦਿੱਤੇ ਮੁਲਜ਼ਮਾਂ ਨੂੰ ਕੇਸ 'ਚ ਦੁਬਾਰਾ ਸ਼ਾਮਲ ਕੀਤਾ ਜਾਵੇ। ਅਦਾਲਤ 'ਚ ਚਲਾਨ ਪੇਸ਼ ਕਰ ਕੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਜਾਵੇ, ਜੇਕਰ ਅਜੇ ਵੀ ਪੁਲਸ ਨੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਉਹ ਖੁਦਕੁਸ਼ੀ ਵੀ ਕਰ ਸਕਦਾ ਹੈ, ਜੇਕਰ ਉਸ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਐੱਸ. ਐੱਸ. ਪੀ. ਤੇ ਹੋਰ ਪੁਲਸ ਅਧਿਕਾਰੀਆਂ ਦੀ ਹੋਵੇਗੀ।  ਇਸ ਸਬੰਧੀ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਹ ਇਸ ਦੀ ਤੁਰੰਤ ਜਾਂਚ ਕਰਵਾਉਣਗੇ ਤੇ ਅਗਲੀ ਕਾਰਵਾਈ ਸ਼ੁਰੂ ਕਰਵਾਈ ਜਾਵੇਗੀ।


Related News