ਇਲਾਕੇ ਦੇ 2 ਪਿੰਡਾਂ ਤੋਂ ਨੌਜਵਾਨ ਲੜਕਾ ਤੇ ਔਰਤ ਲਾਪਤਾ
Friday, Nov 24, 2017 - 11:52 AM (IST)

ਟਾਂਡਾ ਉੜਮੁੜ (ਪੰਡਿਤ, ਕੁਲਦੀਸ਼, ਸ਼ਰਮਾ) - ਟਾਂਡਾ ਪੁਲਸ ਨੇ ਪਿੰਡ ਜਲਾਲਪੁਰ ਨਾਲ ਸਬੰਧਤ ਨੌਜਵਾਨ ਅਤੇ ਪਿੰਡ ਬੱਲੜਾਂ ਨਾਲ ਸਬੰਧਤ ਇਕ ਔਰਤ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕੀਤੀ ਹੈ। ਪਿੰਡ ਜਲਾਲਪੁਰ 'ਚੋਂ 19 ਨਵੰਬਰ ਤੋਂ ਲਾਪਤਾ ਨੌਜਵਾਨ ਅਵਤਾਰ ਸਿੰਘ ਪੁੱਤਰ ਮਾਨ ਸਿੰਘ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਟਾਂਡਾ ਪੁਲਸ ਨੂੰ ਦਿੱਤੀ ਸੂਚਨਾ ਮੁਤਾਬਕ ਅਵਤਾਰ ਸਿੰਘ ਨਿਵਾਸੀ ਲਾਹੌਰੀ ਗੇਟ ਕਪੂਰਥਲਾ ਦੇ ਨਾਨਾ ਮੰਗਤ ਸਿੰਘ ਪੁੱਤਰ ਫਕੀਰ ਸਿੰਘ ਨਿਵਾਸੀ ਜਲਾਲਪੁਰ ਨੇ ਦੱਸਿਆ ਕਿ ਉਸ ਦਾ ਦੋਹਤਾ ਅਵਤਾਰ ਸਿੰਘ ਜਲਾਲਪੁਰ ਵਿਖੇ ਆਇਆ ਹੋਇਆ ਸੀ ਅਤੇ 19 ਨਵੰਬਰ ਨੂੰ ਦੁਪਹਿਰ 2 ਵਜੇ ਘਰੋਂ ਬਰਗਰ ਲੈਣ ਗਿਆ ਪਰ ਵਾਪਸ ਨਹੀਂ ਪਰਤਿਆ ਤੇ ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ। ਕਾਫੀ ਭਾਲ ਕਰਨ 'ਤੇ ਵੀ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਸੇ ਤਰ੍ਹਾਂ ਹੀ ਬੱਲੜਾਂ ਦੀ ਵਿਆਹੁਤਾ ਔਰਤ ਕੁਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵੀ 19 ਨਵੰਬਰ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਂਦਿਆਂ ਕੁਲਵਿੰਦਰ ਕੌਰ ਦੇ ਸਹੁਰਾ ਬਲਬੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਨੂੰਹ ਟਾਂਡਾ ਦੇ ਬਡਵਾਲ ਹਸਪਤਾਲ ਤੋਂ ਦਵਾਈ ਲੈਣ ਗਈ ਸੀ ਪਰ ਅੱਜ ਤੱਕ ਘਰ ਨਹੀਂ ਪਰਤੀ। ਉਸ ਦੀ ਭਾਲ ਕਰਨ 'ਤੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਬਲਬੀਰ ਸਿੰਘ ਮੁਤਾਬਕ 19 ਨਵੰਬਰ ਤੋਂ ਬਾਅਦ ਕੁਲਵਿੰਦਰ ਕੌਰ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ। ਪੁਲਸ ਨੇ ਦੋਵਾਂ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।