ਬਟਾਲਾ ਪੁਲਸ ਨੂੰ ਮਿਲੀ ਵੱਡੀ ਸਫਲਤਾ , 65 ਤੋਂ 70 ਲੱਖ ਰੁਪਏ ਦੀ ਹਵਾਲਾ ਕਰੰਸੀ ਫੜੀ

09/13/2017 12:55:31 PM

ਬਟਾਲਾ (ਬੇਰੀ) - ਬੀਤੇ ਦਿਨੀਂ ਬਟਾਲਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਵੱਲੋਂ 65 ਤੋਂ 70 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਗਈ।ਇਸ ਸਬੰਧੀ ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਨ੍ਹਾਂ ਨੇ ਪੁਲਸ ਪਾਰਟੀ ਤੇ ਪੀ. ਸੀ. ਆਰ. ਸਮੇਤ ਚੈਕਿੰਗ ਲਈ ਸਥਾਨਕ ਨਾਨਕਚੱਕ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਫਤਿਹਗੜ੍ਹ ਚੂੜੀਆਂ ਵੱਲੋਂ ਆਉਂਦੀ ਇਕ ਕਾਰ ਨੂੰ ਚੈਕਿੰਗ ਲਈ ਰੋਕਿਆ। ਉਨ੍ਹਾਂ ਦੱਸਿਆ ਕਿ ਕਾਰ ਵਿਚ 3 ਨੌਜਵਾਨ ਗਗਨਦੀਪ ਪੁੱਤਰ ਸੁਭਾਸ਼ ਚੰਦਰ ਵਾਸੀ ਸ੍ਰੀ ਹਰਗੋਬਿੰਦਪੁਰ, ਪ੍ਰਦੀਪ ਕੁਮਾਰ ਪੁੱਤਰ ਅਸ਼ੋਕ ਕੁਮਾਰ ਅਤੇ ਪ੍ਰਦੀਪ ਕੁਮਾਰ ਪੁੱਤਰ ਰਾਮ ਕਿਸ਼ੋਰ ਵਾਸੀਆਨ ਸ੍ਰੀ ਹਰਗੋਬਿੰਦਪੁਰ ਸਵਾਰ ਸਨ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਹਵਾਲਾ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ, ਜਿਸ ਦੀ ਇੰਡੀਅਨ ਕਰੰਸੀ ਮੁਤਾਬਕ ਕੀਮਤ 65 ਤੋਂ 70 ਲੱਖ ਰੁਪਏ ਬਣਦੀ ਹੈ।
ਐੱਸ. ਐੱਚ. ਓ. ਨੇ ਦੱਸਿਆ ਕਿ ਉਕਤ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦਿਆਂ ਰਿਪੋਰਟ ਦਰਜ ਕਰ ਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਹਵਾਲਾ ਕਰੰਸੀ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ 500 ਯੂਰੋ ਦੇ 160 ਨੋਟ, 1000 ਦਰਾਮ ਦੇ 12 ਨੋਟ, 500 ਦਰਾਮ ਦੇ 40 ਨੋਟ, 10 ਦਰਾਮ ਦੇ 8 ਨੋਟ, 20 ਦਰਾਮ ਦੇ 2 ਨੋਟ, 50 ਦਰਾਮ ਦਾ ਇਕ ਨੋਟ, 200 ਦਰਾਮ ਦਾ ਇਕ ਨੋਟ, 100 ਦਰਾਮ ਦਾ ਇਕ ਨੋਟ ਤੇ 5 ਦਰਾਮ ਦੇ 3 ਨੋਟਾਂ ਸਮੇਤ 2600 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ। ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਲਈ ਇਸ ਨੂੰ ਅਸਿਸਟੈਂਟ ਡਾਇਰੈਕਟਰ ਇਨਫੋਰਸਮੈਂਟ ਅਜੈ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ। 


Related News