ਪੁਲਸ ਨੇ ਲੂਨ ਦੇ ਟਰੱਕ ’ਚੋਂ 6 ਕੁਇੰਟਲ 97 ਕਿਲੋ ਭੁੱਕੀ ਚੂਰਾ ਪੋਸਤ ਡੋਡੇ ਕੀਤੇ ਬਰਾਮਦ

Monday, Feb 28, 2022 - 05:27 PM (IST)

ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਪੁਲਸ ਨੇ ਨਸ਼ੇ ਖ਼ਿਲਾਫ ਚਲਾਈ ਮੁਹਿੰਮ ਤਹਿਤ ਉਸ ਸਮੇਂ ਵੱਡੀ ਸਫਤਲਾ ਹਾਸਲ ਕੀਤੀ ਜਦੋਂ ਨਾਰਕੋਟਿਕਸ ਸੈੱਲ ਬਠਿੰਡਾ ਨੇ ਤਲਵੰਡੀ ਸਾਬੋ ਵਿਖੇ ਰਾਜਸਥਾਨ ਤੋਂ ਲੂਨ ਲੈ ਕੇ ਆਏ ਟਰੱਕ ਨੂੰ ਵੱਡੀ ਮਾਤਰਾ ਵਿਚ ਭੁੱਕੀ ਚੂਰਾ ਪੋਸਤ ਡੋਡੇ ਸਮੇਤ ਕਾਬੂ ਕੀਤਾ। ਪੁਲਸ ਨੇ ਮੌਕੇ ’ਤੇ ਤਿੰਨ ਲੋਕਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆਂ ਹੈ। ਕਥਿਤ ਦੋਸ਼ੀਆਂ ਵਿੱਚ ਮੁੱਖ ਦੋਸ਼ੀ ’ਤੇ ਪਹਿਲਾਂ ਵੀ ਰਾਜਸਥਾਨ ਵਿਚ ਮਾਮਲਾ ਦਰਜ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਜਸਮੀਤ ਸਿੰਘ ਡੀ.ਐੱਸ.ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਖੇ ਸ਼ੱਕੀ ਵਿਅਕਤੀ ਦੇ ਸਬੰਧੀ ਨਾਰਕੋਟਿਕਸ ਸੈੱਲ ਬਠਿੰਡਾ ਦੇ ਇੰਚਾਰਜ ਜਗਰੂਪ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਤਲਵੰਡੀ ਸਾਬੋ ਦੀ ਅਨਾਜ ਮੰਡੀ ਵਿਚ ਇਕ ਟਰੱਕ ਵਿਚ ਫਰੋਲਾ ਫਰਾਲੀ ਕਰਦੇ ਵਿਅਕਤੀ ਦੇਖੇ ਤਾਂ ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ ਲੂਨ ਦੇ ਹੇਠਾਂ ਭੁੱਕੀ ਚੂਰਾ ਪੋਸਤ ਡੋਡੇ ਬਰਾਮਦ ਕੀਤੇ ਗਏ।

ਡੀ.ਐੱਸ.ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਮੌਕੇ ਤੋਂ ਟਰੱਕ ਵਿਚੋਂ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ। ਟਰੱਕ ਵਿਚੋਂ 6 ਕੁਇੰਟਲ 97 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਡੋਡੇ ਬਰਾਦਮ ਕੀਤੇ ਗਏ ਹਨ। ਕਥਿਤ ਦੋਸ਼ੀ ਰਾਜਸਥਾਨ ਤੋਂ ਸਸਤੇ ਰੇਟ ਵਿਚ ਪੋਸਤ ਡੋਡੇ ਲਿਆ ਕੇ ਮਹਿੰਗੇ ਭਾਅ ਵਿਚ ਵੇਚਦੇ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿਚ ਜਗਜੀਤ ਸਿੰਘ, ਤਰਸੇਮ ਸਿੰਘ ਅਤੇ ਜਸਵੀਰ ਸਿੰਘ ਵਾਸੀ ਰਾਮਪੁਰਾ ਫੂਲ ਖਿਲ਼ਾਫ ਥਾਣਾ ਤਲਵੰਡੀ ਸਾਬੋ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਜਗਰੂਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਇਹ ਪੋਸਤ ਡੋਡੇ ਕਿੱਥੋਂ ਲਿਆਂਦੇ ਅਤੇ ਕਿਥੇ ਵੇਚਣੇ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।


Gurminder Singh

Content Editor

Related News