ਪੁਲਸ ਨੇ 24 ਘੰਟਿਆਂ ’ਚ ਹੀ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਹੋਇਆ ਵੱਡਾ ਖੁਲਾਸਾ
Wednesday, Jan 10, 2024 - 01:22 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਭਾਗੀਰਥ ਸਿੰਘ ਮੀਨਾ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਕਾਰਵਾਈ ਕਰਦੇ ਹੋਏ ਸਤਨਾਮ ਸਿੰਘ ਡੀ. ਐੱਸ. ਪੀ. ਸ. ਡ. ਸ੍ਰੀ ਮੁਕਤਸਰ ਸਾਹਿਬ ਅਤੇ ਸੰਜੀਵ ਗੋਇਲ ਡੀ. ਐੱਸ. ਪੀ. (ਐੱਨ. ਡੀ. ਪੀ. ਐੱਸ.) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ. ਆਈ. ਏ ਤੇ ਐੱਸ. ਆਈ. ਵਰੁਨ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਸ ਪਾਰਟੀ ਨੇ 24 ਘੰਟਿਆਂ ’ਚ ਹੀ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਇਕ ਔਰਤ ਸਮੇਤ 2 ਲੋਕਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜਲਾਲਾਬਾਦ ਰੋਡ ਦੇ ਨਜ਼ਦੀਕ ਲਿੰਕ ਰੋਡ ’ਤੇ ਖੇਤਾਂ ’ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ’ਤੇ ਤੇਜ਼ਧਾਰ ਹਥਿਆਰਾਂ ਦੀਆਂ ਸੱਟਾ ਦੇ ਨਿਸ਼ਾਨ ਸਨ, ਜਿਸ ’ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸ਼ਨਾਖਤ ਕਰਵਾਈ, ਜਿਸ ਦੀ ਪਛਾਣ ਸੋਹਣ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਲੱਧੂਆਣਾ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ, ਜਿਸ ’ਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲਸ ਵੱਲੋਂ ਮੁਕੱਦਮਾ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਨਾ-ਮਾਲੂਮ ਵਿਅਕਤੀਆਂ ’ਤੇ ਦਰਜ ਕਰਕੇ ਪੁਲਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।
ਦੌਰਾਨੇ ਤਫਤੀਸ਼ ਪੁਲਸ ਵੱਲੋਂ ਆਧੁਨਿਕ ਤਰੀਕਿਆਂ ਨਾਲ ਮੁਕੱਦਮੇ ਦੇ ਮੁਲਜ਼ਮਾਂ ਨੂੰ ਟ੍ਰੇਸ ਕਰਕੇ ਬੇਅੰਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਸੋਹਣੇ ਵਾਲਾ ਅਤੇ ਸੁਖਵਿੰਦਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਬਸਤੀ ਬੋਰੀਆਂਵਾਲੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਇਸ ਕਤਲ ਦੀ ਵਜ੍ਹਾ ਇਹ ਦੱਸੀ ਕਿ ਸੋਹਣ ਸਿੰਘ ਸੁਖਵਿੰਦਰ ਕੌਰ ਦੇ ਰਿਸ਼ਤੇਦਾਰੀ ’ਚੋਂ ਸੀ, ਜਿਸ ’ਤੇ ਸੋਹਣ ਸਿੰਘ ਸੁਖਵਿੰਦਰ ਕੌਰ ਨੂੰ ਉਸਦੇ ਪ੍ਰੇਮੀ ਬੇਅੰਤ ਸਿੰਘ ਨੂੰ ਮਿਲਣ ਤੋਂ ਰੋਕਦਾ ਸੀ। ਇਸ ਲਈ ਮੁਲਜ਼ਮ ਬੇਅੰਤ ਸਿੰਘ ਅਤੇ ਸੁਖਵਿੰਦਰ ਕੌਰ ਨੇ ਆਪਣੇ ਰਾਹ ਦਾ ਰੋੜਾ ਸਮਝਦਿਆਂ ਸੋਹਣ ਸਿੰਘ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਉਕਤ ਮੁਕੱਦਮੇ ’ਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।