ਪੁਲਸ ਦੀ ਨੌਕਰੀ ਤੋਂ ਟਾਲਾ ਵੱਟਣ ਲੱਗੀਆਂ ਵੱਡੇ ਘਰਾਂ ਦੀਆਂ ਕੁੜੀਆਂ
Wednesday, Apr 10, 2019 - 11:40 AM (IST)

ਚੰਡੀਗੜ੍ਹ—ਪੰਜਾਬ 'ਚ ਆਰਥਿਕ ਤੌਰ 'ਤੇ ਸਮਰੱਥ ਪਰਿਵਾਰਾਂ ਵਲੋਂ ਆਪਣੀਆਂ ਧੀਆਂ ਨੂੰ ਪੁਲਸ 'ਚ ਭਰਤੀ ਕਰਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਕ ਇਸ ਦਾ ਕਾਰਨ ਪੁਲਸ ਵਿਭਾਗ ਵਿਚਲੇ ਮਾਹੌਲ ਕਾਰਨ ਔਰਤਾਂ ਅਸਹਿਜ ਮਹਿਸੂਸ ਕਰਦੀਆਂ ਹਨ। ਆਬਾਦੀ ਦੇ ਪੱਖ ਤੋਂ ਔਰਤਾਂ ਦੀ ਗਿਣਤੀ ਭਾਵੇਂ 50 ਫ਼ੀਸਦੀ ਮੰਨੀ ਜਾਂਦੀ ਹੈ ਪਰ ਸੂਬਾਈ ਪੁਲਸ ਵਿੱਚ ਇਹ ਗਿਣਤੀ ਮਹਿਜ਼ ਆਟੇ 'ਚ ਲੂਣ ਬਰਾਬਰ ਹੈ। ਸੀਨੀਅਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬਾਈ ਪੁਲਸ ਦੀ ਕੁੱਲ ਨਫ਼ਰੀ 80 ਹਜ਼ਾਰ ਦੇ ਕਰੀਬ ਹੈ ਤੇ ਇਨ੍ਹਾਂ 'ਚ ਔਰਤਾਂ ਦੀ ਗਿਣਤੀ ਕੇਵਲ 10 ਫ਼ੀਸਦੀ ਤੱਕ ਪਹੁੰਚੀ ਹੈ। ਪੰਜਾਬ ਪੁਲਸ 'ਚ ਵਧੀਕ ਡੀ.ਜੀ.ਪੀ. ਰੈਂਕ 'ਤੇ ਸੇਵਾ ਨਿਭਾਅ ਰਹੀ ਸੀਨੀਅਰ ਆਈ.ਪੀ.ਐਸ. ਅਧਿਕਾਰੀ ਗੁਰਪ੍ਰੀਤ ਕੌਰ ਦਿਓ ਦਾ ਮੰਨਣਾ ਹੈ ਕਿ ਸਿਪਾਹੀ ਤੋਂ ਇੰਸਪੈਕਟਰ ਰੈਂਕ ਤੱਕ ਦੀਆਂ ਮਹਿਲਾਵਾਂ ਨਾਲ ਜਿਣਸੀ ਸੋਸ਼ਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਐਸ.ਪੀ. ਅਤੇ ਐਸ.ਐਸ.ਪੀ. ਰੈਂਕ ਦੇ ਪੁਲਸ ਅਫ਼ਸਰਾਂ ਖ਼ਿਲਾਫ਼ ਅਜਿਹੀਆਂ ਸ਼ਿਕਾਇਤਾਂ ਆਉਂਦੀਆਂ ਹਨ। ਡਿਊਟੀ ਬਹਾਨੇ ਤੰਗ ਕਰਨ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਅਕਸਰ ਸੀਨੀਅਰ ਪੁਲਸ ਅਫ਼ਸਰਾਂ ਵੱਲੋਂ ਆਪਣੇ ਮਤਹਿਤ ਮਹਿਲਾ ਕਰਮਚਾਰੀਆਂ ਦਾ ਜਿਣਸੀ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਤੋਂ ਬਾਅਦ ਇਕ ਪੁਲਸ ਅਫ਼ਸਰ ਖ਼ਿਲਾਫ਼ ਪਰਚਾ ਦਰਜ ਕਰਾਇਆ ਗਿਆ ਸੀ ਤੇ ਐਸ.ਐਸ.ਪੀ. ਰੈਂਕ ਦੇ ਪੁਲਸ ਅਫ਼ਸਰ ਨੂੰ ਡੀ.ਜੀ.ਪੀ. ਵਲੋਂ ਚਿਤਾਵਨੀ ਵੀ ਦਿੱਤੀ ਗਈ ਸੀ।
ਗੁਰਪ੍ਰੀਤ ਕੌਰ ਜੋ ਕਿ ਪੁਲਸ ਵਲੋਂ ਮਹਿਲਾਵਾਂ ਖ਼ਿਲਾਫ਼ ਹੋਣ ਵਾਲੇ ਜਿਣਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਕਮੇਟੀ ਦੇ ਮੁਖੀ ਵੀ ਹਨ, ਦਾ ਦੱਸਣਾ ਹੈ ਕਿ ਪੁਲਸ ਵਿੱਚ ਆਮ ਤੌਰ 'ਤੇ ਦਿਹਾਤੀ ਖੇਤਰ 'ਚੋਂ ਹੀ ਲੜਕੀਆਂ ਭਰਤੀ ਲਈ ਆਉਂਦੀਆਂ ਹਨ। ਉਨ੍ਹਾਂ ਮੰਨਿਆ ਕਿ ਸੂਬਾਈ ਪੁਲਸ 'ਚ ਤਾਂ ਮਹਿਲਾ ਪੱਖੀ ਮਾਹੌਲ ਬਣਾਉਣ ਲਈ ਬਹੁਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ।