ਸਮਰਾਲਾ ਪੁਲਸ ਵੱਲੋਂ 600 ਪੇਟੀਆਂ ਨਜਾਇਜ਼ ਸ਼ਰਾਬ ਸਮੇਤ 3 ਕਾਬੂ

Sunday, Jul 01, 2018 - 06:45 PM (IST)

ਸਮਰਾਲਾ ਪੁਲਸ ਵੱਲੋਂ 600 ਪੇਟੀਆਂ ਨਜਾਇਜ਼ ਸ਼ਰਾਬ ਸਮੇਤ 3 ਕਾਬੂ

ਸਮਰਾਲਾ (ਸੰਜੇ ਗਰਗ) : ਸਥਾਨਕ ਪੁਲਸ ਵੱਲੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਵਿੱਢੀ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋਂ ਸੂਆ ਪੁਲੀ ਬਹਿਲੋਲਪੁਰ ਰੋਡ ਤੋਂ ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲੈਣ ਉਪਰੰਤ 600 ਪੇਟੀਆਂ ਨਜਾਇਜ਼ ਸ਼ਰਾਬ ਵਿਸਕੀ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਪਵਨ ਕੁਮਾਰ ਉਰਫ ਪੰਮਾ ਵਾਸੀ ਪਿੰਡ ਸਾਰੰਗਵਾਲ, ਲਖਵੀਰ ਸਿੰਘ ਉਰਫ ਲੱਖਾ ਵਾਸੀ ਘਬਾੜ ਕਲਾਂ, ਦੀਸ਼ਾ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਵਜੋਂ ਹੋਈ ਹੈ। 
ਐੱਸ.ਐੱਚ.ਓ. ਸਮਰਾਲਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਦੀ ਅਗਵਾਈ ਵਿਚ ਪੁਲਸ ਪਾਰਟੀ ਵੱਲੋਂ ਮਾਛੀਵਾੜਾ ਰੋਡ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਮੁਖਬਰ ਖਾਸ ਦੀ ਇਤਲਾਹ 'ਤੇ ਖਮਾਣੋਂ ਸਾਈਡ ਤੋਂ ਪਿੰਡ ਬੌਂਦਲੀ ਸੂਏ ਦੀ ਪੱਟੜੀ ਰਾਹੀਂ ਆ ਰਹੇ ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਵਿਚੋਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੜੀ ਗਈ ਨਜਾਇਜ਼ ਸ਼ਰਾਬ ਤੇ ਮਾਰਕਾ ਅੰਗਰੇਜ਼ੀ ਵਿਸਕੀ ਲੱਗਿਆ ਹੋਇਆ ਹੈ, ਜੋ ਕਿ ਰਾਜਪੁਰਾ ਜ਼ਿਲਾ ਪਟਿਆਲਾ ਤੋਂ ਲਿਆਂਦੀ ਜਾ ਰਹੀ ਸੀ ਅਤੇ ਆਪਣੇ ਇਲਾਕੇ ਵਿਚ ਮਹਿੰਗੇ ਭਾਅ ਵਿਚ ਵੇਚੀ ਜਾਣੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉੱਕਤ ਵਿਅਕਤੀਆਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News