ਪੁਲਸ ਵੱਲੋਂ ਜਾਅਲੀ ਨੰਬਰ ਲਗਾ ਕੇ ਕਾਰਾਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਚੋਰੀ ਦੀਆਂ ਕਾਰਾਂ ਬਰਾਮਦ
Saturday, Feb 13, 2021 - 05:38 PM (IST)
ਮਲੋਟ (ਜੁਨੇਜਾ,ਕਾਠਪਾਲ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਦੇ ਸੀਨੀਅਰ ਕਪਤਾਨ ਡੀ ਸੂਡਰਵਿਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦੀਆਂ ਹਦਾਇਤਾਂ ’ਤੇ ਚੱਲ ਰਹੀ ਗੈਰ ਸਮਾਜੀ ਅਨਸਰਾਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਕਬਰਵਾਲਾ ਪੁਲਸ ਨੇ ਇਕ ਮੁਖਬਰੀ ਦੇ ਆਧਾਰ ’ਤੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਹੜਾ ਬਾਹਰਲੇ ਸੂਬਿਆਂ ਤੋਂ ਚੋਰੀ ਦੀਆਂ ਕਾਰਾਂ ਲਿਆ ਕੇ ਜਾਅਲੀ ਕਾਗਜ਼ ਬਣਾ ਕੇ ਵੇਚਣ ਦਾ ਧੰਦਾ ਕਰਦੇ ਸਨ।
ਇਸ ਸਬੰਧੀ ਮੁੱਖ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖ਼ਬਰ ਖਾਸ ਤੋਂ ਸੂਚਨਾ ਮਿਲੀ ਕਿ ਨਜ਼ਦੀਕੀ ਪਿੰਡ ’ਚ ਕੁਝ ਵਿਅਕਤੀ ਬਾਹਰਲੇ ਸੂਬਿਆਂ ਤੋਂ ਚੋਰੀ ਦੀਆਂ ਕਾਰਾਂ ਲਿਆ ਕੇ ਉਨ੍ਹਾਂ ਦੇ ਜਾਅਲੀ ਕਾਗਜ਼ ਤਿਆਰ ਕਰ ਕੇ ਅੱਗੇ ਵੇਚਣ ਦਾ ਕੰਮ ਕਰਦੇ ਹਨ। ਇਸ ਮਾਮਲੇ ’ਤੇ ਪੁਲਸ ਨੇ ਕਾਰਵਾਈ ਕਰਕੇ ਕਬਰਵਾਲਾ ਵਿਖੇ ਇਕ ਘਰ ’ਚੋਂ ਤਿੰਨ ਗੱਡੀਆਂ ਬਰਾਮਦ ਕੀਤੀਆਂ। ਇਨ੍ਹਾਂ ’ਚੋਂ ਟਾਟਾ ਕਰੋਲਾ ਦੀ ਦਿੱਲੀ ਤੋਂ 2018 ਦੀ ਐੱਨ. ਓ. ਸੀ. ਲਿਆਂਦੀ ਸੀ ਪਰ ਬਾਅਦ ਵਿਚ ਕਿਤੇ ਰਿਕਾਰਡ ਨਹੀਂ ਅਤੇ ਇਸ ਦੇ ਹਰਿਆਣਾ ਦੇ ਕਾਗਜ਼ ਬਣਾਏ ਹਨ।
ਇਸ ਤਰ੍ਹਾਂ ਹੀ ਮਹਿੰਦਰਾ ਕੇ. ਯੂ. ਵੀ. ਦਾ ਪੰਚਕੂਲੇ ਦਾ ਨੰਬਰ ਹੈ ਅਤੇ ਉਸ ’ਚੋਂ ਬਰਾਮਦ ਕਾਗਜ਼ਾਂ ’ਚੋਂ ਐੱਚ. ਪੀ. ਉਪਰ ਕਾਗਜ਼ ਰੱਖ ਕੇ ਫੋਟੋ ਸਟੇਟ ਕੀਤੀ ਅਤੇ ਇੰਜਣ ਨੰਬਰ ਅਤੇ ਚੈਸੀ ਨੰਬਰ ਹੋਰ ਹੈ। ਇਸ ਤਰ੍ਹਾਂ ਜੈਨ ਦੀ ਵੀ ਚੈਸੀ ਨੰਬਰ ਦੀ ਪਲੇਟ ਕੱਟੀ ਹੋਈ ਹੈ। ਕਬਰਵਾਲਾ ਪੁਲਸ ਨੇ ਇਹ ਗੱਡੀਆਂ ਬਰਾਮਦ ਕਰਕੇ ਸਬੰਧਤ ਦੋਸ਼ੀਆਂ ਜਸਕਰਨ ਸਿੰਘ ਪੁੱਤਰ ਸੋਹਨ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀਆਨ ਕਬਰਵਾਲਾ ਅਤੇ ਪਵਨ ਕੁਮਾਰ ਪੁੱਤਰ ਪ੍ਰਿਥੀ ਰਾਮ ਵਾਸੀ ਅਮਨ ਕਾਲੋਨੀ ਕੱਚਾ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਜੈਪੁਰ ਸਿਟੀ ਰਾਜਸਥਾਨ ਵਿਰੁੱਧ ਮੁਕਦਮਾ ਦਰਜ ਕਰ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਹਾਲੇ ਫਰਾਰ ਹਨ ਅਤੇ ਪੁਲਸ ਜਲਦੀ ਇਨ੍ਹਾਂ ਨੂੰ ਕਾਬੂ ਕਰ ਲਵੇਗੀ।