ਪੋਲੈਂਡ ਭੇਜਣ ਦੇ ਨਾਮ ''ਤੇ 1.60 ਲੱਖ ਰੁਪਏ ਠੱਗੇ
Monday, Nov 04, 2019 - 02:56 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਇਮੀਗ੍ਰੇਸ਼ਨ ਵਿਭਾਗ ਦਾ ਕਰਮਚਾਰੀ ਦੱਸ ਕੇ ਪੋਲੈਂਡ ਭੇਜਣ ਦੇ ਨਾਮ 'ਤੇ 1.60 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਏਜੰਟ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਕੁਮਾਰ ਪੁੱਤਰ ਜਸਵੀਰ ਰਾਮ ਵਾਸੀ ਮੰਢਾਲੀ ਥਾਣਾ ਬਹਿਰਾਮ ਨੇ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਚੌਹੜਾ ਥਾਣਾ ਗੜ੍ਹਸ਼ੰਕਰ ਦੇ ਪਰਮਿੰਦਰ ਚੰਦ ਪੁੱਤਰ ਹਰਦੀਪ ਸਿੰਘ ਨੇ ਖੁਦ ਨੂੰ ਇਮੀਗ੍ਰੇਸ਼ਨ ਵਿਭਾਗ ਦਾ ਕਰਮਚਾਰੀ ਦੱਸਕੇ ਉਸ ਨੂੰ 7 ਲੱਖ ਰੁਪਏ 'ਚ 4 ਮਹੀਨੇ ਦੇ ਅੰਦਰ ਪੋਲੈਂਡ ਭੇਜਣ ਦੇ ਝਾਂਸੇ 'ਚ ਲਿਆ ਸੀ। ਏਜੰਟ ਨੇ ਉਸ ਕੋਲੋਂ 1.60 ਲੱਖ ਰੁਪਏ ਅਤੇ ਪਾਸਪੋਰਟ ਲੈ ਲਿਆ ਪਰ ਆਪਣੇ ਵਾਅਦੇ ਦੇ ਤਹਿਤ ਨਾ ਤਾਂ ਉਸ ਨੂੰ 4 ਮਹੀਨੇ ਦੇ ਅੰਦਰ ਵਿਦੇਸ਼ ਨਹੀਂ ਭੇਜ ਪਾਇਆ ਅਤੇ ਨਾ ਹੀ ਉਸਦੇ ਪੈਸੇ ਵਾਪਿਸ ਕਰ ਰਿਹਾ ਹੈ। ਵਾਰ-ਵਾਰ ਚੱਕਰ ਲਾਉਣ ਦੇ ਬਾਅਦ ਉਕਤ ਏਜੰਟ ਨੇ ਉਸ ਨੂੰ 90 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਸੀ ਪਰ ਚੈੱਕ ਬੈਂਕ 'ਚ ਪੈਸੇ ਨਾ ਹੋਣ ਕਰਕੇ ਪਾਸ ਨਹੀਂ ਹੋਇਆ।
ਪੁਲਸ ਨੂੰ ਸ਼ਿਕਾਇਤ ਦੇਣ 'ਤੇ ਉਕਤ ਮਾਮਲਾ ਸੀ.ਆਈ.ਏ. ਸਟਾਫ ਕੋਲ ਭੇਜਿਆ ਗਿਆ ਸੀ, ਜਿੱਥੇ ਉਕਤ ਮੁਲਜ਼ਮ ਨੇ ਵਕੀਲ ਦੀ ਮਾਰਫਤ ਸਮਝੌਤਾ ਕਰਕੇ ਹਰ ਮਹੀਨੇ 30 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਪਰ ਉਸ ਦਾ ਪਹਿਲਾ ਚੈੱਕ ਵੀ ਬਾਊਂਸ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਉਸ ਨੂੰ ਵਾਰ-ਵਾਰ ਧੋਖਾ ਦੇ ਰਿਹਾ ਹੈ। ਜਿਸ ਕਰਕੇ ਫਰਜ਼ੀ ਏਜੰਟ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਕਰਕੇ ਉਸਦੀ ਰਾਸ਼ੀ ਉਸਨੂੰ ਵਾਪਿਸ ਕਰਵਾਈ ਜਾਵੇ। ਉਕਤ ਸ਼ਿਕਾਇਤ ਦੀ ਜਾਂਚ ਸੀ.ਆਈ.ਏ. ਵਿੰਗ ਦੇ ਇੰਚਾਰਜ ਵਲੋਂ ਕਰਨ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਬੰਗਾ ਦੀ ਪੁਲਸ ਨੇ ਏਜੰਟ ਪਰਮਿੰਦਰ ਚੰਦ ਪੁੱਤਰ ਹਰਦੀਪ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।