ਜ਼ਹਿਰੀਲੀ ਵਸਤੂ ਖਾਣ ਨਾਲ ਵਿਆਹੁਤਾ ਦੀ ਮੌਤ
Tuesday, Jul 16, 2019 - 07:49 PM (IST)
ਮੁਕੇਰੀਆਂ,(ਬਲਬੀਰ): ਸ਼ਹਿਰ 'ਚ ਇਕ ਨਵ ਵਿਆਹੁਤਾ ਦੀ ਕੋਈ ਜ਼ਹਿਰੀਲੀ ਵਸਤੂ ਖਾਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਰੀਨਾ ਪੁੱਤਰੀ ਕੁਲਦੀਪ ਸਿੰਘ ਵਾਸੀ ਚੱਕ ਮੀਰਪੁਰ ਦਾ ਵਿਆਹ 6 ਮਹੀਨੇ ਪਹਿਲਾਂ ਰਾਜ ਕੁਮਾਰ ਵਾਸੀ ਡੋਹਰ ਨਾਲ ਹੋਇਆ ਸੀ, ਜੋ ਕਿ ਬਾਹਰਲੇ ਦੇਸ਼ ਵਿਚ ਕੰਮ ਕਰਦਾ ਸੀ, ਜੋ 2 ਮਹੀਨੇ ਪਹਿਲਾਂ ਹੀ 6 ਮਹੀਨੇ ਦੀ ਛੁੱਟੀ ਕੱਟ ਕੇ ਵਾਪਸ ਬਾਹਰਲੇ ਦੇਸ਼ ਚਲਾ ਗਿਆ। ਅੱਜ ਰੀਨਾ ਦੀ ਸੱਸ ਤੇ ਛੋਟਾ ਦਿਓਰ ਦਾਤਾਰਪੁਰ ਵਿਖੇ ਕਿਸੇ ਕੰਮ ਗਏ ਸੀ ਤੇ ਸਹੁਰਾ ਤਲਵਾੜੇ ਗਿਆ ਹੋਇਆ ਸੀ।
ਤਲਵਾੜੇ ਤੋਂ ਆਪਣਾ ਕੰਮ ਪੂਰਾ ਕਰਕੇ ਜਦ ਉਹ ਵਾਪਸ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਰੀਨਾ ਉਲਟੀਆਂ ਕਰ ਰਹੀ ਸੀ ਤੇ ਉਸ ਦੀ ਹਾਲਤ ਕਾਫ਼ੀ ਵਿਗੜ ਗਈ ਸੀ। ਉਸ ਨੇ ਕਿਸੇ ਸਵਾਰੀ ਦਾ ਪ੍ਰਬੰਧ ਕਰਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਲਿਆਂਦਾ। ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇਸ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।