PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

Wednesday, Jul 08, 2026 - 12:24 PM (IST)

PM ਮੋਦੀ ਦੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ, ਪੀ. ਈ. ਸੀ. ’ਚ ਲੱਗੇਗਾ ਵਿਸ਼ੇਸ਼ ਵਾਟਰ ਪਰੂਫ ਟੈਂਟ

ਚੰਡੀਗੜ੍ਹ (ਸ਼ੀਨਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਚੰਡੀਗੜ੍ਹ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਨੇ ਮਾਨਸੂਨ ਨੂੰ ਧਿਆਨ ’ਚ ਰੱਖਦਿਆਂ ਖ਼ਾਸ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਪੰਜਾਬ ਇੰਜੀਨੀਅਰਿੰਗ ਕਾਲਜ (ਪੀ. ਈ. ਸੀ.) ’ਚ ਹੋਣ ਵਾਲੇ ਸਮਾਗਮ ਲਈ ਲਗਭਗ 600 ਵਰਗ ਮੀਟਰ ਖੇਤਰ ’ਚ ਵਿਸ਼ਾਲ ਵਾਟਰਪਰੂਫ ਹੈਂਗਰ ਟੈਂਟ ਲਾਇਆ ਜਾਵੇਗਾ, ਤਾਂ ਜੋ ਤੇਜ਼ ਮੀਂਹ ਜਾਂ ਖ਼ਰਾਬ ਮੌਸਮ ਦੌਰਾਨ ਵੀ ਪ੍ਰੋਗਰਾਮ ਬਿਨਾਂ ਰੁਕਾਵਟ ਜਾਰੀ ਰਹੇ। ਯੂ.ਟੀ. ਪ੍ਰਸ਼ਾਸ਼ਨ ਵੱਲੋਂ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਇਸ ਟੈਂਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪੂਰੀ ਤਰ੍ਹਾਂ ਵਾਟਰਪਰੂਫ ਹੋਣ ਦੇ ਨਾਲ-ਨਾਲ ਮਜ਼ਬੂਤ ਢਾਂਚੇ ਵਾਲਾ ਹੋਣ ਦੇ ਨਾਲ-ਨਾਲ ਮੀਂਹ ਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ।

ਇਸ ਤੋਂ ਇਲਾਵਾ ਟੈਂਟ ਦੇ ਅੰਦਰ 600 ਟਨ ਸਮਰੱਥਾ ਵਾਲਾ ਏਅਰ ਕੰਡੀਸ਼ਨਿੰਗ (ਏ.ਸੀ.) ਸਿਸਟਮ ਵੀ ਲਾਇਆ ਜਾਵੇਗਾ ਇਸ ਨਾਲ ਨਮੀ ਤੇ ਹੁੰਮਸ ਦੇ ਵਾਲੇ ਮੌਸਮ ਤੋਂ ਵੀ ਰਾਹਤ ਰਹੇਗੀ। ਇਸ ਦੇ ਨਾਲ ਸਟੇਜ, ਵੀ.ਆਈ.ਪੀ. ਲਾਊਂਜ, ਬੈਠਕ, ਕਾਰਪੇਟ ਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਪ੍ਰਬੰਧਾਂ ਲਈ ਪ੍ਰਸ਼ਾਸਨ ਅੱਠ ਟੈਂਡਰ ਜਾਰੀ ਕੀਤੇ ਹਨ,ਇੰਨ੍ਹਾਂ ਦੀ ਕੁੱਲ ਅਨੁਮਾਨਿਤ ਲਾਗਤ ਲਗਭਗ 2.02 ਕਰੋੜ ਹੈ। ਬਿਜਲੀ ਸਪਲਾਈ ਲਈ 11 ਜਨਰੇਟਰ, 8 ਹਾਈ-ਰੈਜ਼ੋਲੂਸ਼ਨ ਸੀ.ਸੀ.ਟੀ.ਵੀ. ਕੈਮਰੇ, ਬੈਰੀਕੇਡਿੰਗ, ਫਾਇਰ ਸੇਫਟੀ, 220 ਤੋਂ ਵੱਧ ਸੋਫੇ, 300 ਕੁਰਸੀਆਂ, 20 ਵਾਟਰ ਕੂਲਰ ਤੇ 24 ਪੋਰਟੇਬਲ ਟਾਇਲਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਟੈਂਡਰ ਪ੍ਰਕਿਰਿਆ ਜਲਦ ਮੁਕੰਮਲ ਕਰਕੇ ਏਜੰਸੀਆਂ ਨੂੰ ਕੰਮ ਸੌਂਪ ਦਿੱਤਾ ਜਾਵੇਗਾ, ਤਾਂ ਜੋ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ ਤੇ ਸਾਰੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕੀਤੀਆਂ ਜਾ ਸਕਣ।


author

Babita

Content Editor

Related News