ਗਮਾਡਾ ਦਫ਼ਤਰ ਦੇ ਸੀਸ਼ੇ ਤੇ ED ਦੀਆਂ ਗੱਡੀਆਂ ਭੰਨਣ ਵਾਲੇ ‘ਆਪ’ ਆਗੂ ਕਦੋਂ ਹੋਣਗੇ ਗ੍ਰਿਫ਼ਤਾਰ: ਸਾਂਪਲਾ
Wednesday, Oct 07, 2026 - 09:35 PM (IST)
ਚੰਡੀਗੜ੍ਹ ( ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਵੀਰ ਸਿੰਘ ਘੁੰਮਣ ਦੇ ਘਰ ਸੀ.ਬੀ.ਆਈ. ਦੀ ਕਾਰਵਾਈ ਦੌਰਾਨ ਸੀ.ਬੀ.ਆਈ. ਦੀ ਗੱਡੀ ’ਤੇ ਫੁੱਲ ਸੁੱਟਣ ਅਤੇ ਢੋਲ ਵਜਾਉਣ ਦੇ ਮਾਮਲੇ ’ਚ ਭਵਾਨੀਗੜ੍ਹ ਦੇ ਐੱਸ.ਐੱਚ.ਓ. ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕੀਤੇ ਜਾਣ ਅਤੇ ਦੋ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕੁਤਾਹੀ ਦਾ ਹਵਾਲਾ ਦੇ ਕੇ ਜੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਹ ਮਾਪਦੰਡ ਗਮਾਡਾ, ਮੋਹਾਲੀ ’ਚ ਈ.ਡੀ. ਦੀ ਕਾਰਵਾਈ ਦੌਰਾਨ ਹੋਈ ਭੰਨਤੋੜ ਦੇ ਮਾਮਲੇ ’ਚ ਲਾਗੂ ਕਿਉਂ ਨਹੀਂ ਹੋਇਆ। ਗਮਾਡਾ ਦਫ਼ਤਰ ਅੱਗੇ ਭੰਨਤੋੜ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲੇ ‘ਆਪ’ ਆਗੂਆਂ ਦੀ ਗ੍ਰਿਫ਼ਤਾਰੀ ਕਦੋਂ ਹੋਵੇਗੀ ਤੇ ਉਨ੍ਹਾਂ ਨੂੰ ਰੋਕਣ ’ਚ ਨਾਕਾਮ ਰਹਿਣ ਵਾਲੇ ਪੁਲਸ ਅਫ਼ਸਰ ਕਦੋਂ ਮੁਅੱਤਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ’ਚ ਸੀ.ਬੀ.ਆਈ. ਦੀ ਕਾਰਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਮਿਲਖੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਵਿਜੇ ਲੰਕੇਸ਼ ਵੱਲੋਂ ਫੁੱਲ ਵਰਸਾਉਣੇ ਭਾਰਤੀ ਕਾਨੂੰਨ ਮੁਤਾਬਕ ਅਪਰਾਧ ਕਿਵੇਂ ਹੋ ਗਈ।
ਉਨ੍ਹਾਂ ਕਿਹਾ ਕਿ ਗਮਾਡਾ, ਮੋਹਾਲੀ ’ਚ ਈ.ਡੀ. ਦੀ ਕਾਰਵਾਈ ਦੌਰਾਨ ‘ਆਪ’ ਵਰਕਰਾਂ ਵੱਲੋਂ ਕਥਿਤ ਤੌਰ ’ਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਤੇ ਈ.ਡੀ. ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਵੀਡੀਓ ਸਾਹਮਣੇ ਆ ਚੁੱਕੇ ਹਨ। ਜੇ ਜਾਂਚ ਏਜੰਸੀਆਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਫਿਰ ਈ.ਡੀ. ਦੀ ਟੀਮ ਤੇ ਸਰਕਾਰੀ ਸੰਪਤੀ ਦੀ ਸੁਰੱਖਿਆ ’ਚ ਕਥਿਤ ਕੁਤਾਹੀ ਲਈ ਵੀ ਜ਼ਿੰਮੇਵਾਰ ਅਧਿਕਾਰੀਆਂ ਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਸਪੱਸ਼ਟ ਕਰੇ ਕਿ ਕੀ ਉਹ ਸਿਆਸੀ ਸਬੰਧਾਂ ਤੋਂ ਉੱਪਰ ਉੱਠ ਕੇ ਨਿਰਪੱਖ ਕਾਰਵਾਈ ਕਰੇਗੀ ਜਾਂ ਫਿਰ ਵਿਰੋਧੀਆਂ ਲਈ ਵੱਖਰੇ ਤੇ ਆਪਣੇ ਵਰਕਰਾਂ ਲਈ ਵੱਖਰੇ ਕਾਨੂੰਨੀ ਮਾਪਦੰਡ ਰਹਿਣਗੇ।
