ਪਿਛਲੇ ਕਈ ਸਾਲਾਂ ਤੋਂ ਜਲੰਧਰ ਨਿਗਮ ’ਚ ਚੱਲ ਰਹੀ ਹੈ ਗੈਰ-ਕਾਨੂੰਨੀ ਇਮਾਰਤਾਂ ਤੋਂ ਵਸੂਲੀ ਦੀ ਖੇਡ
Saturday, May 24, 2025 - 05:12 PM (IST)

ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਵਿਚ ਪਿਛਲੇ ਕਈ ਸਾਲਾਂ ਤੋਂ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਉਸਾਰੀਆਂ ਅਤੇ ਸਿਆਸੀ ਵਸੂਲੀ ਦੇ ਗੰਭੀਰ ਦੋਸ਼ ਲੱਗ ਰਹੇ ਹਨ, ਜੋ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਕਾਂਗਰਸ ਦੇ ਸ਼ਾਸਨਕਾਲ ਦੌਰਾਨ ਕਈ ਕੌਂਸਲਰਾਂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੇ ਗੈਰ-ਕਾਨੂੰਨੀ ਕਾਲੋਨੀਆਂ ਕੱਟੀਆਂ ਜਾਂ ਉਨ੍ਹਾਂ ਨੂੰ ਸਰਪ੍ਰਸਤੀ ਦਿੱਤੀ, ਗੈਰ-ਕਾਨੂੰਨੀ ਇਮਾਰਤਾਂ ਦੀ ਉਸਾਰੀ, ਕਮੀਸ਼ਨਖੋਰੀ ਅਤੇ ਸਰਕਾਰੀ ਜ਼ਮੀਨ ’ਤੇ ਕਬਜ਼ਿਆਂ ਜ਼ਰੀਏ ਨਿਗਮ ਨੂੰ ਭਾਰੀ ਨੁਕਸਾਨ ਪਹੁੰਚਾਇਆ। ਉਥੇ ਹੀ, ਹੁਣ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿਚ ਵੀ ਇਹ ਸਿਲਸਿਲਾ ਰੁਕ ਨਹੀਂ ਰਿਹਾ।
ਜਦੋਂ ਕਾਂਗਰਸ ਨੇ ਜਲੰਧਰ ਨਗਰ ਨਿਗਮ ਦੀ ਸੱਤਾ ਸੰਭਾਲੀ ਸੀ, ਉਦੋਂ ਵਿਕਾਸ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ ਪਰ ਹਕੀਕਤ ਇਹ ਹੈ ਕਿ ਉਦੋਂ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਕੂੜੇ ਦੇ ਢੇਰ, ਸੀਵਰ ਓਵਰਫਲੋਅ, ਗੰਦੇ ਪਾਣੀ ਦੀ ਸਪਲਾਈ ਵਰਗੀਆਂ ਸਮੱਸਿਆਵਾਂ ਭਿਆਨਕ ਰੂਪ ਲੈ ਚੁੱਕੀਆਂ ਸਨ। ਇਸ ਦਾ ਮੁੱਖ ਕਾਰਨ ਉਹ ਭ੍ਰਿਸ਼ਟ ਤੰਤਰ ਰਿਹਾ, ਜਿਸ ਨੂੰ ਕਾਂਗਰਸ ਨਾਲ ਜੁੜੇ ਕਈ ਕੌਂਸਲਰਾਂ ਨੇ ਹੁਲਾਰਾ ਦਿੱਤਾ। ਕਾਂਗਰਸ ਦੇ ਸ਼ਾਸਨ ਦੇ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਵਜੂਦ ਹਾਲਾਤ ਵਿਚ ਕੋਈ ਖਾਸ ਬਦਲਾਅ ਨਹੀਂ ਆਇਆ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਅਦਾਲਤ 'ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ
ਤਾਜ਼ਾ ਮਾਮਲਾ ਜਲੰਧਰ ਸੈਂਟਰਲ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਨਾਲ ਜੁੜਿਆ ਹੈ। ਉਨ੍ਹਾਂ ’ਤੇ ਦੋਸ਼ ਹਨ ਕਿ ਉਹ ਸ਼ਹਿਰ ਵਿਚ ਬਣ ਰਹੀਆਂ ਗੈਰ-ਕਾਨੂੰਨੀ ਇਮਾਰਤਾਂ ਤੋਂ ਵਸੂਲੀ ਵਿਚ ਸ਼ਾਮਲ ਸਨ। ਸੂਤਰਾਂ ਦੇ ਮੁਤਾਬਕ ਨਿਗਮ ਅਧਿਕਾਰੀ ਸੁਖਦੇਵ ਵਸ਼ਿਸ਼ਟ ਵਰਗੇ ਕੁਝ ਅਧਿਕਾਰੀ ਉਨ੍ਹਾਂ ਨਾਲ ਮਿਲੇ ਹੋਏ ਸਨ ਅਤੇ ਪੂਰੇ ਨੈੱਟਵਰਕ ਜ਼ਰੀਏ ਗੈਰ-ਕਾਨੂੰਨੀ ਉਸਾਰੀਆਂ ਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਸੀ। ਜਲੰਧਰ ਨਗਰ ਨਿਗਮ ਦੀ ਇਹ ਸਥਿਤੀ ਦੱਸਦੀ ਹੈ ਕਿ ਭਾਵੇਂ ਪਾਰਟੀ ਕੋਈ ਵੀ ਹੋਵੇ, ਜਦੋਂ ਤਕ ਪਾਰਦਰਸ਼ਿਤਾ ਅਤੇ ਜਵਾਬਦੇਹੀ ਨਹੀਂ ਹੋਵੇਗੀ, ਉਦੋਂ ਤਕ ਸ਼ਹਿਰ ਦਾ ਵਿਕਾਸ ਅਸੰਭਵ ਹੈ। ਜਨਤਾ ਹੁਣ ਸਿਰਫ ਵਾਅਦਿਆਂ ਨਾਲ ਨਹੀਂ, ਕੰਮਾਂ ਨਾਲ ਬਦਲਾਅ ਚਾਹੁੰਦੀ ਹੈ। ਭ੍ਰਿਸ਼ਟਾਚਾਰ ਅਤੇ ਸਿਆਸੀ ਵਸੂਲੀ ਦੀ ਇਹ ਗੰਢ-ਸੰਢ ਜੇਕਰ ਇੰਝ ਹੀ ਚੱਲਦੀ ਰਹੀ ਤਾਂ ਜਲੰਧਰ ਦੇ ਨਾਗਰਿਕਾਂ ਨੂੰ ਹੋਰ ਵੀ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ DC ਦਫ਼ਤਰ ’ਚ ਵਧੀ ਹਲਚਲ, ਮਲਾਈਦਾਰ ਸੀਟਾਂ 'ਤੇ ਤਾਇਨਾਤ ਮੁਲਾਜ਼ਮ ਸਹਿਮੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e