ਪੰਜਾਬ ਦੀ ਸਿਆਸਤ ''ਚ ਵੱਡੀ ਹਲਚਲ! ਮਾਨ-ਕੇਜਰੀਵਾਲ ਦੇ ਨਵੇਂ ਫ਼ੈਸਲੇ ਨੇ ਫ਼ਿਕਰਾਂ ''ਚ ਪਾਏ ਕਈ ਮੰਤਰੀ ਤੇ ਵਿਧਾਇਕ
Tuesday, May 27, 2025 - 08:42 AM (IST)

ਜਲੰਧਰ (ਧਵਨ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚੋਂ ‘ਸੱਤਾ ਵਿਰੋਧੀ ਲਹਿਰ’ ਨੂੰ ਮਾਤ ਦੇਣ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਹਨ। ਇਸ ਤੋਂ ਪਹਿਲਾਂ 2020 ਵਿਚ ਦਿੱਲੀ ’ਚ ਅਰਵਿੰਦ ਕੇਜਰੀਵਾਲ ਨੇ ‘ਸੱਤਾ ਵਿਰੋਧੀ ਲਹਿਰ’ ਨੂੰ ਮਾਤ ਦਿੰਦਿਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ 30 ਤੋਂ ਵੱਧ ਸੀਟਾਂ ’ਤੇ ਨਵੇਂ ਚਿਹਰਿਆਂ ਨੂੰ ਮੈਦਾਨ ’ਚ ਉਤਾਰਿਆ ਸੀ। ਹੁਣ 2020 ਵਿਚ ਦਿੱਲੀ ’ਚ ਅਪਣਾਈ ਗਈ ਰਣਨੀਤੀ ਨੂੰ 2027 ਵਿਚ ਪੰਜਾਬ ’ਚ ਲਾਗੂ ਕਰਨ ਲਈ ਇਕ ਰਣਨੀਤੀ ਤਿਆਰ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦੀਆਂ ਛੁੱਟੀਆਂ 'ਚ ਲੱਖਾਂ ਰੁਪਏ ਜਿੱਤ ਸਕਦੇ ਨੇ ਵਿਦਿਆਰਥੀ! ਇੰਝ ਕਰੋ ਅਪਲਾਈ
ਪੰਜਾਬ ਵਿਚ 117 ਮੈਂਬਰੀ ਸੂਬਾ ਵਿਧਾਨ ਸਭਾ ਲਈ ਅਗਲੀਆਂ ਆਮ ਚੋਣਾਂ ਫਰਵਰੀ-ਮਾਰਚ 2027 ’ਚ ਪ੍ਰਸਤਾਵਿਤ ਹਨ। ਇਸ ਦੇ ਮੱਦੇਨਜ਼ਰ ਕੇਜਰੀਵਾਲ ਅਤੇ ਭਗਵੰਤ ਮਾਨ ਦੋਵੇਂ ‘ਸੱਤਾ ਵਿਰੋਧੀ ਲਹਿਰ’ ਨੂੰ ਮਾਤ ਦੇਣ ਲਈ ਰਣਨੀਤੀ ਬਣਾਉਣ ’ਚ ਰੁੱਝੇ ਹੋਏ ਹਨ। ਪਾਰਟੀ ਦੇ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਕੇਜਰੀਵਾਲ ਅਤੇ ਮਾਨ ਮਿਲ ਕੇ ਅਗਲੀਆਂ ਆਮ ਚੋਣਾਂ ਵਿਚ ਪੰਜਾਬ ’ਚ ਮੌਜੂਦਾ ‘ਆਪ’ ਦੇ ਲਗਭਗ 30 ਤੋਂ 35 ਫ਼ੀਸਦੀ ਵਿਧਾਇਕਾਂ ਦਾ ਪੱਤਾ ਕੱਟ ਸਕਦੇ ਹਨ। ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਗੱਲ ਦੀ ਭਿਣਕ ਪਹਿਲਾਂ ਹੀ ਲੱਗ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਮਾੜੇ ਅਕਸ ਵਾਲੇ ਆਗੂਆਂ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਸ਼ੁਰੂਆਤ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਹੱਥੋਂ ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਕਰਵਾ ਕੇ ਕਰ ਦਿੱਤੀ ਗਈ ਹੈ। ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਉਨ੍ਹਾਂ ਦੀ ਥਾਂ ’ਤੇ ਪਾਰਟੀ ਇਕ ਨਵਾਂ ਚਿਹਰਾ ਚੋਣ ਮੈਦਾਨ ’ਚ ਲਿਆਵੇਗੀ ਕਿਉਂਕਿ ਰਮਨ ਅਰੋੜਾ ਕਾਰਨ ਨਾ ਸਿਰਫ਼ ਜਲੰਧਰ ਕੇਂਦਰੀ ਵਿਧਾਨ ਸਭਾ ਹਲਕਾ, ਸਗੋਂ ਜ਼ਿਲੇ ਦੇ ਹੋਰ ਵਿਧਾਨ ਸਭਾ ਹਲਕੇ ਵੀ ਪ੍ਰਭਾਵਿਤ ਹੋ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਬਾਰੇ ICMR ਦਾ ਵੱਡਾ ਦਾਅਵਾ
ਜਲੰਧਰ ਵਿਚ ਹੋਈ ਸ਼ੁਰੂਆਤ ਨੂੰ ਦੇਖ ਕੇ ਵਰਕਰਾਂ ਅਤੇ ਵਲੰਟੀਅਰਾਂ ਦਾ ਮਨੋਬਲ ਵਧ ਗਿਆ ਹੈ। ‘ਆਪ’ ਦੀ ਕੇਂਦਰੀ ਲੀਡਰਸ਼ਿਪ ਇਸ ਬਾਰੇ ਇਕ ਰਿਪੋਰਟ ਵੀ ਤਿਆਰ ਕਰ ਰਹੀ ਹੈ ਅਤੇ ਜਲੰਧਰ ਵਿਚ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਭ੍ਰਿਸ਼ਟਾਚਾਰ ਵਿਰੁੱਧ ਜੰਗ ਦੇ ਪ੍ਰਭਾਵ ਬਾਰੇ ਜਨਤਾ ਤੋਂ ਫੀਡਬੈਕ ਲਈ ਜਾ ਰਹੀ ਹੈ। ਆਮ ਲੋਕਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ ਦਾ ਸਵਾਗਤ ਕੀਤਾ ਹੈ। ਹੁਣ ਕੇਜਰੀਵਾਲ ਦਾ ਅਗਲਾ ਕਦਮ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ’ਚ ਵੀ ਇਸੇ ਤਰ੍ਹਾਂ ਦੀ ਕਾਰਵਾਈ ਕਰਨ ਦਾ ਹੈ। ਕੇਂਦਰੀ ਲੀਡਰਸ਼ਿਪ ਨੇ ਆਪਣੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ, ਜੋ ਕੇਜਰੀਵਾਲ ਨੂੰ ਪੂਰੀਆਂ ਰਿਪੋਰਟਾਂ ਦੇ ਰਹੀਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ਕੇਜਰੀਵਾਲ ਲਈ ਪੰਜਾਬ ’ਚ ਆਪਣੇ ਗੜ੍ਹ ਨੂੰ ਬਚਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਇਸ ਤੋਂ ਬਾਅਦ ਹੀ ਪਾਰਟੀ ਹੋਰ ਥਾਵਾਂ ’ਤੇ ਮਜ਼ਬੂਤ ਹੋ ਸਕੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8