ਫਸ ਸਕਦੇ ਨੇ MLA ਰਮਨ ਅਰੋੜਾ ਦੇ ਕਈ ਨਜ਼ਦੀਕੀ ਰਿਸ਼ਤੇਦਾਰ, ਵਿਜੀਲੈਂਸ ਕੱਸੇਗੀ ਸ਼ਿਕੰਜਾ
Saturday, May 24, 2025 - 01:34 PM (IST)

ਜਲੰਧਰ (ਧਵਨ)–'ਆਪ' ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੁਣ ਆਉਣ ਵਾਲੇ ਕੁਝ ਦਿਨਾਂ ਵਿਚ ਰਮਨ ਅਰੋੜਾ ਦੇ 3-4 ਨਜ਼ਦੀਕੀ ਰਿਸ਼ਤੇਦਾਰਾਂ ਖ਼ਿਲਾਫ਼ ਵੀ ਕਾਰਵਾਈ ਹੋਣ ਦੇ ਆਸਾਰ ਬਣ ਗਏ ਹਨ। ਵਿਜੀਲੈਂਸ ਅਧਿਕਾਰੀਆਂ ਵੱਲੋਂ ਹੁਣ ਵਿਧਾਇਕ ਰਮਨ ਅਰੋੜਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਵਿਜੀਲੈਂਸ ਨੂੰ ਪਤਾ ਹੈ ਕਿ ਵਿਧਾਇਕ ਦੇ ਕਿਹੜੇ-ਕਿਹੜੇ ਰਿਸ਼ਤੇਦਾਰ ਇਸ ਭ੍ਰਿਸ਼ਟਾਚਾਰ ਦੇ ਸਕੈਂਡਲਾਂ ਵਿਚ ਸ਼ਾਮਲ ਸਨ। ਰਮਨ ਅਰੋੜਾ ਨਾਲ ਕੌਣ-ਕੌਣ ਸੌਦੇ ਕਰਵਾਉਂਦਾ ਸੀ, ਇਸ ਦੀਆਂ ਪਰਤਾਂ ਆਉਣ ਵਾਲੇ ਦਿਨਾਂ ਵਿਚ ਖੁੱਲ੍ਹਣੀਆਂ ਸ਼ੁਰੂ ਹੋ ਜਾਣਗੀਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਸਰਕਾਰ ਨੇ ਸਖ਼ਤੀ ਵਿਖਾਈ ਹੈ, ਉਸ ਨੂੰ ਵੇਖਦੇ ਹੋਏ ਹੁਣ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਦਾ ਬਚਣਾ ਵੀ ਸੰਭਵ ਨਹੀਂ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਗ੍ਰਿਫ਼ਤਾਰ ATP ਜਾਣਬੁੱਝ ਕੇ ਉਸਾਰੀ ਅਧੀਨ ਇਮਾਰਤਾਂ ਨੂੰ ਨਿਸ਼ਾਨਾ ਬਣਾ ਭੇਜਦਾ ਸੀ ਨੋਟਿਸ
ਰਮਨ ਅਰੋੜਾ ਦੇ ਨਜ਼ਦੀਕੀ ਰਿਸ਼ਤੇਦਾਰਾਂ ਵਿਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਰ ਪੈਦਾ ਹੋ ਗਿਆ ਹੈ ਅਤੇ ਉਹ ਆਪਣਾ ਬਚਾਅ ਕਰਨ ਲਈ ਇੱਧਰ-ਉਧਰ ਦੌੜ ਰਹੇ ਹਨ। ਵਿਜੀਲੈਂਸ ਵੱਲੋਂ ਹੁਣ ਇਸ ਸਾਰੇ ਕਾਂਡ ਵਿਚ ਡੂੰਘਾਈ ਵਿਚ ਜਾ ਕੇ ਸਾਰੀਆਂ ਪਰਤਾਂ ਖੋਲ੍ਹੀਆਂ ਜਾਣਗੀਆਂ। ਰਮਨ ਅਰੋੜਾ ਦਾ ਨੈਕਸਸ ਸਿਰਫ਼ ਜਲੰਧਰ ਨਗਰ ਨਿਗਮ ਤੱਕ ਹੀ ਫੈਲਿਆ ਹੋਇਆ ਨਹੀਂ ਸੀ, ਸਗੋਂ ਪੁਲਸ, ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਵਿਚ ਵੀ ਵਿਧਾਇਕ ਨੇ ਆਪਣਾ ਪੂਰਾ ਜਾਲ ਫੈਲਾਇਆ ਹੋਇਆ ਸੀ। ਵਿਧਾਇਕ ਨੇ ਆਪਣੇ ਹਲਕੇ ਵਿਚ ਪਹਿਲਾਂ ਤਾਂ ਆਪਣੀ ਮਨਪਸੰਦ ਦੇ ਪੁਲਸ ਅਧਿਕਾਰੀਆਂ ਦੀਆਂ ਤਾਇਨਾਤੀਆਂ ਕਰਵਾਈਆਂ। ਉਨ੍ਹਾਂ ਦੇ ਨਜ਼ਦੀਕੀ ਇਕ ਏ. ਸੀ. ਪੀ. ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਰਮਨ ਅਰੋੜਾ ਪੁਲਸ ਵਿਚ ਕਥਿਤ ਤੌਰ ’ਤੇ ਐੱਫ਼. ਆਈ. ਆਰ. ਦਰਜ ਕਰਵਾਉਣ ਵਿਚ ਵੀ ਉਕਤ ਪੁਲਸ ਅਧਿਕਾਰੀ ਦਾ ਸਾਥ ਲੈਂਦੇ ਰਹੇ ਹਨ। ਇਸ ਬਾਰੇ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ 'ਤੇ ਐਕਸ਼ਨ ਮਗਰੋਂ ਹੋਰ ਵਿਧਾਇਕ ਤੇ ਨੇਤਾ ਵੀ ਸਰਕਾਰ ਦੀ ਰਾਡਾਰ ’ਤੇ, ਡਿੱਗੇਗੀ ਗਾਜ
'ਜਗ ਬਾਣੀ' ਨੇ ਪਹਿਲਾਂ ਹੀ ਸਖ਼ਤ ਕਾਰਵਾਈ ਦਾ ਕਰ ਦਿੱਤਾ ਸੀ ਖ਼ੁਲਾਸਾ
ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਕਾਰਵਾਈ ਹੋਣ ਦੇ ਸੰਕੇਤ ਮਿਲ ਗਏ ਸਨ। 'ਜਗ ਬਾਣੀ' ਨੇ ਪਹਿਲਾਂ ਹੀ ਸਖ਼ਤ ਕਾਰਵਾਈ ਹੋਣ ਦਾ ਖ਼ੁਲਾਸਾ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਕਹਿ ਦਿੱਤਾ ਸੀ ਕਿ ਉਹ ਇਸ ਸਾਰੇ ਕਾਂਡ ਦੀ ਡੂੰਘਾਈ ਵਿਚ ਜਾ ਕੇ ਜਾਂਚ ਕਰੇ ਅਤੇ ਜਿਸ ਦਾ ਵੀ ਨਾਂ ਸਾਹਮਣੇ ਆਵੇ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਨੇ ਸੰਕੇਤ ਦੇ ਦਿੱਤੇ ਸਨ ਕਿ ਭ੍ਰਿਸ਼ਟਾਚਾਰ ਦੀ ਇਸ ਖੇਡ ਵਿਚ ਜਿਹੜਾ ਵੀ ਸ਼ਾਮਲ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਹੋਵੇਗੀ। 'ਜਗ ਬਾਣੀ' ਦੇ 17 ਮਈ ਦੇ ਅੰਕ ਵਿਚ ਇਸ ਬਾਰੇ ਵਿਸਥਾਰ ਨਾਲ ਖ਼ੁਲਾਸਾ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ 27 ਤੱਕ Alert, ਮੌਸਮ ਦੀ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e